ਸ੍ਰੀ ਮੁਕਤਸਰ ਸਾਹਿਬ, 26 ਮਾਰਚ, ਦੇਸ਼ ਕਲਿੱਕ ਬਿਓਰੋ
ਪਿਛਲੇ ਕੁੱਝ ਦਿਨਾਂ ਤੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋ ਚਲਾਏ ਜਾ ਰਹੇ ਆਂਗਣਵਾੜੀ ਕੇਂਦਰਾਂ ਵਿੱਚ ਮਾਰਕਫੈਡ ਵੱਲੋ ਦਿੱਤੇ ਗਏ ਮੁਰਮਰੇ ਖਰਾਬ ਹੋਣ ਸਬੰਧੀ ਖਬਰਾਂ ਲਗਾਈਆ ਜਾ ਰਹੀ ਸਨ। ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਅਤੇ ਸੀ.ਡੀ.ਪੀ.ਓ. ਰਾਜਵੰਤ ਕੌਰ ਨੇ ਅੱਜ ਮਾਰਕਫੈੱਡ ਵੱਲੋ ਦਿੱਤੇ ਗਏ ਰਾਸ਼ਣ ਦੀ ਆਂਗਣਵਾੜੀ ਕੇਂਦਰਾਂ ਵਿੱਚ ਜਾ ਕੇ ਚੈਕਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਕੁੱਝ ਆਂਗਣਵਾੜੀ ਕੇਂਦਰਾਂ ਵਿੱਚ 20 ਮਾਰਚ ਅਤੇ 21 ਮਾਰਚ ਨੂੰ ਭੇਜਿਆ ਗਿਆ ਰਾਸ਼ਣ ਮੌਜੂਦ ਸੀ। ਵਿਭਾਗ ਦੇ ਅਧਿਕਾਰੀਆ ਵੱਲੋ ਵੱਖ-ਵੱਖ ਆਂਗਣਵਾੜੀ ਕੇਂਦਰਾਂ ਤੋਂ ਇਲਾਵਾ ਸ਼ਿੰਦਰਪਾਲ ਕੌਰ ਆਂਗਣਵਾੜੀ ਵਰਕਰ ਚੱਕਬੀੜ ਸਰਕਾਰ ਦੇ ਕੇਂਦਰ ਵਿੱਚ ਮੌਜੂਦ ਰਾਸ਼ਣ ਮੁਰਮਰੇ ਦੇ ਪੈਕਟ ਖੋਲ ਕੇ ਖੁਦ ਖਾਏ। ਆਂਗਣਵਾੜੀ ਕੇਂਦਰਾਂ ਵਿੱਚ ਮੌਜੂਦ ਲਾਭਪਾਤਰੀਆਂ ਅਤੇ ਪਬਲਿਕ ਨੂੰ ਵੀ ਖਵਾ ਕੇ ਚੈਕ ਕੀਤੇ ਗਏ ਅਤੇ ਕੁਆਲਟੀ ਸਹੀ ਅਤੇ ਖਾਣਯੋਗ ਪਾਈ ਗਈ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋ ਸ਼ਿੰਦਰਪਾਲ ਕੌਰ ਆਂਗਣਵਾੜੀ ਵਰਕਰ ਦੇ ਕੇਂਦਰ ਵਿੱਚੋ ਬੈਚ ਨੰਬਰ ਪੀ. ਐੱਨ. ਐਮ. ਐੱਨ 114 ਮਿਤੀ 09—03—2025 ਦੇ ਦੋ ਪੈਕਟ ਅਤੇ ਬੈਚ ਨੰਬਰ ਪੀ. ਐੱਨ. ਐਮ. ਐੱਨ 105 ਮਿਤੀ 21—01—2025 ਦੇ ਦੋ ਪੈਕਟ ਸੰਪਲਿੰਗ ਵਾਸਤੇ ਲਏ ਗਏ ਅਤੇ ਲੈਬ ਟੈਸਟਿੰਗ ਲਈ ਭੇਜੇ ਗਏ। ਇਸ ਤੋਂ ਇਲਾਵਾ ਪਿੰਡ ਊਦੇਕਰਨ ਦੇ ਆਂਗਣਵਾੜੀ ਕੇਂਦਰ ਨੰਬਰ 201, 202, 206 ਅਤੇ ਸ਼ਹਿਰੀ ਖੇਤਰ ਦੇ ਕੇਂਦਰ ਨੰਬਰ 718 ਚੈਕ ਕੀਤੇ ਗਏ।
ਇਸ ਤੋਂ ਪਹਿਲਾਂ ਕੁਝ ਅਖਬਾਰਾਂ ਚ ਲੱਗੀ ਇਸ ਸਬੰਧੀ ਖ਼ਬਰਾਂ ਉੱਤੇ ਕਾਰਵਾਈ ਕਰਦੇ ਹੋਏ 22 ਮਾਰਚ ਨੂੰ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋ ਅਤੇ ਮਾਰਕਫੈੱਡ ਦੀ ਟੀਮ ਵੱਲੋ ਆਂਗਣਵਾੜੀ ਸੈਟਰਾਂ ਵਿੱਚ ਸਪਲਾਈ ਕੀਤੇ ਮੁਰਮਰੇ ਦੀ ਚੈਕਿੰਗ ਕੀਤੀ ਗਈ ਸੀ। ਟੀਮ ਵੱਲੋਂ ਪਾਇਆ ਗਿਆ ਕਿ ਮੁਰਮਰੇ ਦੀ ਕੁਆਲਟੀ ਠੀਕ ਹੈ ਅਤੇ ਖਾਣਯੋਗ ਹੈ। ਇਸ ਸਬੰਧੀ ਮਾਰਕਫੈੱਡ ਦੀ ਟੀਮ ਵੱਲੋ ਦੱਸਿਆ ਗਿਆ ਕਿ ਇਨ੍ਹਾਂ ਮੁਰਮਰੇ ਦੀ ਪਹਿਲਾਂ ਹੀ ਲੈਬ ਟੈਸਟਿੰਗ 17 ਮਾਰਚ ਨੂੰ ਕੀਤੀ ਜਾ ਚੁੱਕੀ ਹੈ ਕਿਉਂਕਿ ਆਂਗਣਵਾੜੀ ਕੇਂਦਰਾਂ ਵਿੱਚ ਭੇਜਿਆ ਜਾਣ ਵਾਲਾ ਰਾਸ਼ਣ ਲੈਬ ਟੈਸਟਿੰਗ ਕਰਨ ਤੋਂ ਬਾਅਦ ਹੀ ਸਪਲਾਈ ਕੀਤਾ ਜਾਂਦਾ ਹੈ।
ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਸੀ.ਡੀ.ਪੀ.ਓ., ਸੁਪਰਵਾਈਰਾ ਅਤੇ ਆਂਗਣਵਾੜੀ ਵਰਕਰਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਆਂਗਣਵਾੜੀ ਕੇਂਦਰਾਂ ਵਿੱਚ ਸਪਲਾਈ ਕੀਤੇ ਜਾ ਰਹੇ ਰਾਸ਼ਣ ਨੂੰ ਪੂਰਨ ਤੌਰ ‘ਤੇ ਚੈਕ ਕਰਨ ਉਪਰੰਤ ਹੀ ਲਾਭਪਾਤਰੀਆਂ ਨੂੰ ਵੰਡਿਆ ਜਾਵੇ। ਸਪਲਾਈ ਚੈਨ ਵਿੱਚ ਕਿਸੇ ਲੈਵਲ ‘ਤੇ ਖਾਮੀ ਪਾਈ ਜਾਂਦੀ ਹੈ ਤਾਂ ਉਸ ਵਸਤੂ ਨੂੰ ਸਪਲਾਈ ਨਾ ਕੀਤਾ ਜਾਵੇ ਅਤੇ ਰੀਪਲੇਸਮੈਂਟ ਲਈ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਸੂਚਿਤ ਕੀਤਾ ਜਾਵੇ।
Published on: ਮਾਰਚ 26, 2025 4:06 ਬਾਃ ਦੁਃ