ਸ਼ਿਮਲਾ, 26 ਮਾਰਚ, ਦੇਸ਼ ਕਲਿਕ ਬਿਊਰੋ :
ਹਿਮਾਚਲ ਦੇ ਕੁੱਲੂ ‘ਚ ਦੇਰ ਰਾਤ ਪੰਜਾਬ ਤੋਂ ਆਏ ਨਸ਼ੇ ‘ਚ ਧੁੱਤ ਸੈਲਾਨੀਆਂ ਨੇ ਹੋਟਲ ‘ਚ ਹੰਗਾਮਾ ਮਚਾ ਦਿੱਤਾ। ਇਸ ਤੋਂ ਬਾਅਦ ਹੋਟਲ ਮਾਲਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਹ ਘਟਨਾ ਸੈਰ-ਸਪਾਟਾ ਸਥਾਨ ਕਸੋਲ ਦੇ ਹੋਟਲ ਕਮਲ ਪੈਲੇਸ ਵਿੱਚ ਵਾਪਰੀ। ਜਾਣਕਾਰੀ ਮੁਤਾਬਕ ਰਾਤ ਕਰੀਬ ਸਾਢੇ ਗਿਆਰਾਂ ਵਜੇ ਪੰਜਾਬ ਦੇ 5 ਸੈਲਾਨੀ ਜ਼ਬਰਦਸਤੀ ਹੋਟਲ ‘ਚ ਦਾਖਲ ਹੋਏ। ਉਨ੍ਹਾਂ ਨੇ ਖਾਣਾ ਮੰਗਿਆ। ਹੋਟਲ ਮਾਲਕ ਦੇਵ ਨੇ ਦੱਸਿਆ ਕਿ ਰਸੋਈ ਬੰਦ ਹੈ। ਪਰ ਨਸ਼ੇ ‘ਚ ਧੁੱਤ ਸੈਲਾਨੀ ਨਹੀਂ ਮੰਨੇ। ਉਹ ਜ਼ਬਰਦਸਤੀ ਕਰਨ ਲੱਗੇ।
ਜਦੋਂ ਹੋਟਲ ਮਾਲਕ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਭੜਕ ਗਏ। ਉਨ੍ਹਾਂ ਨੇ ਮਾਲਕ ਦੀ ਕੁੱਟਮਾਰ ਕੀਤੀ। ਨਸ਼ੇ ‘ਚ ਧੁੱਤ ਨੌਜਵਾਨਾਂ ਨੇ ਹੋਟਲ ਦੀ ਭੰਨਤੋੜ ਵੀ ਕੀਤੀ। ਇਸ ਕਾਰਨ ਹੋਟਲ ਦੀ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ।
ਸੂਚਨਾ ਮਿਲਦੇ ਹੀ ਥਾਣਾ ਡੂੰਖਰਾ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸਾਰੇ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ। ਹੋਟਲ ਮਾਲਕ ਦਾ ਮੈਡੀਕਲ ਕਰਵਾਇਆ ਗਿਆ। ਫੜੇ ਗਏ ਸੈਲਾਨੀਆਂ ਦਾ ਵੀ ਮੈਡੀਕਲ ਕਰਵਾਇਆ ਗਿਆ।
ਕੁੱਲੂ ਦੇ ਐਸਪੀ ਗੋਕੁਲ ਚੰਦਰਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਪੰਜ ਪੰਜਾਬੀਆਂ ਦੀ ਉਮਰ 20 ਤੋਂ 22 ਸਾਲ ਦਰਮਿਆਨ ਹੈ।
Published on: ਮਾਰਚ 26, 2025 7:34 ਪੂਃ ਦੁਃ