ਪਟਨਾ, 26 ਮਾਰਚ, ਦੇਸ਼ ਕਲਿਕ ਬਿਊਰੋ :
ਬਿਹਾਰ ਦੇ ਆਰਾ ਵਿਖੇ ਡੀਡੀਯੂ ਰੇਲਵੇ ਲਾਈਨ ’ਤੇ ਬੀਤੀ ਸ਼ਾਮ ਇੱਕ ਖੌਫਨਾਕ ਘਟਨਾ ਵਾਪਰੀ। ਆਰਾ ਰੇਲਵੇ ਸਟੇਸ਼ਨ ’ਤੇ ਇੱਕ ਸਿਰਫਿਰੇ ਨੌਜਵਾਨ ਨੇ ਪਹਿਲਾਂ ਇੱਕ ਪਿਤਾ ਅਤੇ ਉਸ ਦੀ ਧੀ ਨੂੰ ਗੋਲੀ ਮਾਰ ਦਿੱਤੀ, ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਜਾਨ ਦੇ ਦਿੱਤੀ।
ਮ੍ਰਿਤਕਾਂ ਵਿੱਚ 55 ਸਾਲਾ ਅਨਿਲ ਕੁਮਾਰ, ਜੋ ਕਿ ਆਰਾ ਦੇ ਨਵਾਦਾ ਥਾਣੇ ਦੇ ਗੋਧਨਾ ਰੋਡ ਦਾ ਰਹਿਣ ਵਾਲਾ ਸੀ ਅਤੇ ਉਸ ਦੀ 18 ਸਾਲਾ ਧੀ ਜੀਆ ਕੁਮਾਰੀ (ਉਰਫ਼ ਆਯੂਸ਼ੀ ਕੁਮਾਰੀ) ਸ਼ਾਮਲ ਹਨ। ਹਮਲਾਵਰ 22 ਸਾਲਾ ਅਮਨ ਕੁਮਾਰ ਸਿੰਘ, ਜੋ ਕਿ ਉਦਵੰਤਨਗਰ ਥਾਣੇ ਦੇ ਆਸਨੀ ਪਿੰਡ ਦਾ ਰਹਿਣ ਵਾਲਾ ਸੀ, ਨੇ ਇਸ ਦਿਲ ਦਹਿਲਾਉਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ।
ਤਿੰਨਾਂ ਦੇ ਸਿਰ ’ਚ ਗੋਲੀ ਲੱਗੀ। ਮੌਕੇ ’ਤੇ ਹੀ ਤਿੰਨਾਂ ਦੀ ਮੌਤ ਹੋ ਗਈ। ਪੁਲਿਸ ਨੂੰ ਇੱਕ ਪਿਸਤੌਲ, ਮੈਗਜ਼ੀਨ, ਦੋ ਕਾਰਤੂਸ ਅਤੇ ਇੱਕ ਖੋਲ ਮਿਲਿਆ ਹੈ।
ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਸ਼ੱਕ ਹੈ ਕਿ ਇਹ ਪ੍ਰੇਮ ਸੰਬੰਧ ਨਾਲ ਜੁੜਿਆ ਮਾਮਲਾ ਹੋ ਸਕਦਾ ਹੈ। ਮ੍ਰਿਤਕ ਪਿਉ-ਧੀ ਦਾ ਭੇਨਲਾਈ ਰੋਡ ’ਤੇ ਵੀ ਇੱਕ ਘਰ ਸੀ, ਜਿਸ ਨੂੰ ਲੈ ਕੇ ਵੀ ਵਿਵਾਦ ਹੋਣ ਦੀ ਸੰਭਾਵਨਾ ਹੈ।ਜਾਂਚ ਲਈ ਐਫਐਸਐਲ ਟੀਮ ਨੂੰ ਬੁਲਾਇਆ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਪੁਲਿਸ ਸੁਰਾਗ ਇਕੱਠੇ ਕਰ ਰਹੀ ਹੈ।
Published on: ਮਾਰਚ 26, 2025 7:36 ਪੂਃ ਦੁਃ