ਚੰਡੀਗੜ੍ਹ, 26 ਮਾਰਚ, ਦੇਸ਼ ਕਲਿਕ ਬਿਊਰੋ :
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਏਅਰ ਇੰਡੀਆ ਦੀਆਂ ਸੇਵਾਵਾਂ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੱਸਿਆ ਕਿ 25 ਮਾਰਚ ਨੂੰ ਦਿੱਲੀ ਤੋਂ ਟੋਰਾਂਟੋ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਏਆਈ 189 ਦੀਆਂ ਕਈ ਸੀਟਾਂ ਖ਼ਰਾਬ ਸਨ। ਬਿਜ਼ਨਸ ਕਲਾਸ ਸਮੇਤ ਕਈ ਸੀਟਾਂ ਜਾਂ ਤਾਂ ਟੁੱਟ ਹੋਈਆਂ ਸਨ ਜਾਂ ਨਹੀਂ ਖੁੱਲ੍ਹ ਰਹੀਆਂ ਸਨ। ਯਾਤਰੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਫਲਾਈਟ ਦੋ ਘੰਟੇ ਲੇਟ ਹੋਈ।
3 ਵਜੇ ਦੀ ਫਲਾਈਟ ਸ਼ਾਮ 5 ਵਜੇ ਰਵਾਨਾ ਹੋਈ। ਏਅਰਲਾਈਨ ਨੇ ਯਾਤਰੀਆਂ ਨੂੰ 35% ਰਿਫੰਡ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ, ਇਹ ਰਿਫੰਡ ਨਕਦ ਵਿੱਚ ਨਹੀਂ ਬਲਕਿ ਅਗਲੀ ਟਿਕਟ ਬੁਕਿੰਗ ਵਿੱਚ ਐਡਜਸਟ ਕੀਤਾ ਜਾਵੇਗਾ। ਮਲੂਕਾ ਨੇ ਕਿਹਾ ਕਿ ਟੋਰਾਂਟੋ ਵਿੱਚ ਯਾਤਰੀਆਂ ਨੂੰ ਏਅਰ ਇੰਡੀਆ ਦੀਆਂ ਸੇਵਾਵਾਂ ਬਾਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਏਅਰ ਇੰਡੀਆ ਸਰਕਾਰੀ ਕੰਪਨੀ ਸੀ ਤਾਂ ਵੀ ਕਮੀਆਂ ਸਨ।
ਟਾਟਾ ਸਮੂਹ ਵਲੋਂ ਲੈਣ ਤੋਂ ਬਾਅਦ ਸੁਧਾਰ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ। ਸਾਬਕਾ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਲੈ ਕੇ ਜਾਣਗੇ। ਉਨ੍ਹਾਂ ਸ਼ਹਿਰੀ ਹਵਾਬਾਜ਼ੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਏਅਰਲਾਈਨ ਦੀਆਂ ਸੇਵਾਵਾਂ ਵਿੱਚ ਤੁਰੰਤ ਸੁਧਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਏਅਰਲਾਈਨਾਂ ਪ੍ਰੀਮੀਅਮ ਕਿਰਾਇਆ ਵਸੂਲ ਰਹੀਆਂ ਹਨ ਤਾਂ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
Published on: ਮਾਰਚ 26, 2025 5:32 ਬਾਃ ਦੁਃ