ਅਮਰਗੜ੍ਹ 26 ਮਾਰਚ: ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸ਼ਾ ਨਿਰਦੇਸ਼ਾ ਅਤੇ ਹਦਾਇਤਾਂ ਤਹਿਤ ਅੱਜ ਉਪ ਮੰਡਲ ਮੈਜਿਸਟਰੇ਼ਟ ਅਮਰਗੜ੍ਹ ਰਾਕੇਸ਼ ਪ੍ਰਕਾਸ਼ ਗਰਗ ਵਲੋਂ ਅਚਨਚੇਤ ਕਮਿਊਨਿਟੀ ਹੈਲਥ ਸੈਂਟਰ, ਅਮਰਗੜ੍ਹ ਵਿਖੇ ਬਣੇ ਓਟ ਕਲੀਨਿਕ ਦਾ ਦੌਰਾ ਕਰਨ ਮੌਕੇ ਕੀਤਾ । ਇਸ ਮੌਕੇ ਨਾਇਬ ਤਹਿਸ਼ੀਲਦਾਰ ਚਰਨਜੀਤ ਕੌਰ,ਸੁਪਰਡੈਂਟ ਧਰਮ ਸਿੰਘ ਵੀ ਮੌਜੂਦ ਸਨ ।
ਐਸ.ਡੀ.ਐਮ. ਨੇ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਆਏ ਮਰੀਜ਼ਾਂ ਅਤੇ ਹੋਰ ਲੋੜਵੰਦਾ ਨਾਲ ਗੱਲਬਾਤ ਕਰਕੇ ਮਰੀਜ਼ਾਂ ਨੂੰ ਮਿਲ ਰਹੀ ਦਵਾਈ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਇਥੇ ਤਾਇਨਾਤ ਡਾਕਟਰ ਅਤੇ ਕਾਉਂਸਲਰ ਤੋਂ ਵੀ ਦਵਾਈਆਂ ਤੇ ਹੋਰ ਲੋੜੀਂਦੇ ਸਾਮਾਨ ਸਬੰਧੀ ਫੀਡ ਬੈਕ ਹਾਸਲ ਕੀਤੀ ।
ਉਨ੍ਹਾਂ ਕਿਹਾ ਕਿ ਓਟ ਕਲੀਨਿਕ ਵਿੱਚ ਦਵਾਈ ਲੈਣ ਆਏ ਨਸ਼ਾ ਛੱਡ ਰਹੇ ਮਰੀਜ਼ਾਂ ਅਤੇ ਹੋਰ ਦਵਾਈ ਲੈਣ ਆਏ ਮਰੀਜਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਦਵਾਈ ਲੈਣ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਹੈ ਤੇ ਸਟਾਫ਼ ਵੱਲੋਂ ਵੀ ਸਮੇਂ ਸਮੇਂ ‘ਤੇ ਗੱਲਬਾਤ ਕਰਕੇ ਕਾਉਂਸਲਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਨਸ਼ਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਦੇ ਇਲਾਜ ਤੇ ਪੁਨਰ ਵਸੇਬੇ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
Published on: ਮਾਰਚ 26, 2025 3:23 ਬਾਃ ਦੁਃ