ਪਿਤਾ ਦੀ ਮੌਤ, ਤਲਾਕ, ਐਚਆਈਵੀ ਪੀੜਤ ਮਾਪਿਆਂ ਦੇ ਬੱਚੇ ਜਾਂ ਕੈਦੀ ਦੇ ਬੱਚੇ ਨੂੰ ਮਿਲ ਸਕਦੀ ਹੈ ਸਕੀਮ ਦਾ ਲਾਭ
ਫਾਜ਼ਿਲਕਾ, 26 ਮਾਰਚ, ਦੇਸ਼ ਕਲਿੱਕ ਬਿਓਰੋ
ਸਰਕਾਰ ਦੀ ਸਪੋਸ਼ਰਸ਼ਿਪ ਤੇ ਫੋਸਟਰ ਕੇਅਰ ਸਕੀਮ ਤਹਿਤ ਉਨ੍ਹਾਂ ਬੱਚਿਆਂ ਨੂੰ ਪੜਾਈ ਲਈ ਵਿੱਤੀ ਮਦਦ ਦਿੱਤੀ ਜਾਂਦੀ ਹੈ ਜਿੰਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਜਾਂ ਮਾਂ ਦਾ ਤਲਾਕ ਹੋ ਚੁੱਕਾ ਹੋਵੇ ਜਾਂ ਮਾਪਿਆਂ ਨੂੰ ਐਚਆਈਵੀ ਦੀ ਬਿਮਾਰੀ ਹੋਵੇ ਜਾਂ ਪਿਤਾ ਨੂੰ ਕੈਦ ਹੋਈ ਹੋਵੇ।
ਇਹ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਬਾਲਾ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਵਿਚ 107 ਬੱਚਿਆਂ ਨੂੰ ਮਦਦ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ ਪ੍ਰਤੀ ਮਹੀਨਾ ਬੱਚੇ ਨੂੰ 4000 ਰੁਪਏ ਤੱਕ ਦੀ ਮਦਦ ਮਿਲਦੀ ਹੈ। ਪਰ ਇਹ ਮਦਦ ਤੱਦ ਤੱਕ ਹੀ ਮਿਲਦੀ ਹੈ ਜਦ ਤੱਕ ਬੱਚਾ ਪੜਾਈ ਜਾਰੀ ਰੱਖੇ, ਜੇਕਰ ਉਹ ਪੜਾਈ ਛੱਡ ਦਿੰਦਾ ਹੈ ਤਾਂ ਇਹ ਮਦਦ ਨਹੀਂ ਮਿਲਦੀ। ਇਸ ਲਈ 18 ਸਾਲ ਤੱਕ ਦੀ ਉਮਰ ਦੇ ਬੱਚੇ ਲਾਭ ਲੈਣ ਲਈ ਯੋਗ ਹਨ। ਉਨ੍ਹਾਂ ਨੇ ਕਿਹਾ ਕਿ ਪਿਤਾ ਜਾਂ ਮਾਤਾ ਅਤੇ ਪਿਤਾ ਦੋਹਾਂ ਦੀ ਮੌਤ ਹੋਈ ਹੋਵੇ, ਮਾਪਿਆਂ ਨੂੰ ਐਚਆਈਵੀ ਹੋਵੇ ਜਾਂ ਮਾਪਿਆਂ ਨੂੰ ਉਮਰ ਕੈਦ ਦੀ ਸਜਾ ਹੋਈ ਹੋਵੇ ਅਜਿਹੇ ਬੱਚਿਆਂ ਨੂੰ ਇਹ ਮਦਦ ਮਿਲਦੀ ਹੈ। ਇਸ ਲਈ ਮਾਪਿਆਂ ਦੀ ਸ਼ਹਿਰੀ ਖੇਤਰ ਵਿਚ ਆਮਦਨ ਸਲਾਨਾ 90 ਹਜਾਰ ਤੋਂ ਵੱਧ ਨਾ ਹੋਵੇ ਅਤੇ ਪੇਂਡੂ ਖੇਤਰ ਵਿਚ 72 ਹਜਾਰ ਤੋਂ ਵੱਧ ਨਾ ਹੋਵੇ।
ਇਸ ਸਕੀਮ ਦਾ ਲਾਭ ਲੈਣ ਲਈ ਚਾਇਲਡ ਹੈਲਪਲਾਈਨ 1098 ਤੇ ਕਾਲ ਕੀਤੀ ਜਾ ਸਕਦੀ ਹੈ ਜਾਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਕਮਰਾ ਨੰਬਰ 405, ਤੀਜੀ ਮੰਜਿਲ, ਏ ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਕਿਸੇ ਵੀ ਕੰਮਕਾਜੀ ਦਿਨ ਸੰਪਰਕ ਕੀਤਾ ਜਾ ਸਕਦਾ ਹੈ।
Published on: ਮਾਰਚ 26, 2025 3:27 ਬਾਃ ਦੁਃ