52 ਕਿਰਤ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਜਾਰੀ
ਚੰਡੀਗੜ੍ਹ, 27 ਮਾਰਚ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਧਾਨ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਕਿਰਤ ਇੰਸਪੈਕਟਰਾਂ ਦੀ ਘਾਟ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ।
ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ 52 ਕਿਰਤ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਜਾਰੀ ਹੈ ਅਤੇ ਜਲਦ ਹੀ ਕਿਰਤ ਇੰਸਪੈਕਟਰਾਂ ਦੀ ਘਾਟ ਦੂਰ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ, ਪੰਜਾਬ ਅਧੀਨ ਕਿਰਤ ਇੰਸਪੈਕਟਰ ਦੀਆਂ ਕੁੱਲ 95 ਪ੍ਰਵਾਨਤ ਅਸਾਮੀਆਂ ਹਨ, ਜਿਨ੍ਹਾਂ ਵਿਰੁੱਧ ਇਸ ਸਮੇਂ 35 ਕਿਰਤ ਇੰਸਪੈਕਟਰ ਕੰਮ ਕਰ ਰਹੇ ਹਨ। ਕਿਰਤ ਇੰਸਪੈਕਟਰਾਂ ਦੀ ਘਾਟ ਹੋਣ ਕਾਰਨ ਇੱਕ ਕਰਮਚਾਰੀ ਕੋਲ ਪੱਕੀ ਤੈਨਾਤੀ ਦੀ ਥਾਂ ਤੋਂ ਇਲਾਵਾ ਹੋਰ ਸਰਕਲਾਂ ਦਾ ਵਾਧੂ ਚਾਰਜ ਵੀ ਦਿੱਤਾ ਹੋਇਆ ਹੈ, ਜਿਸ ਕਾਰਨ ਕਿਰਤ ਇੰਸਪੈਕਟਰਾਂ ਵੱਲੋਂ ਹਰੇਕ ਸਰਕਲ ਵਿੱਚ ਹਾਜ਼ਰ ਹੋ ਕੇ ਕੰਮ ਕਰਨਾ ਸੰਭਵ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਿਰਤ ਇੰਸਪੈਕਟਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 09-03-2025 ਨੂੰ ਲਿਖਤੀ ਪ੍ਰੀਖਿਆ ਲਈ ਜਾ ਚੁੱਕੀ ਹੈ। ਜਲਦ ਹੀ ਭਰਤੀ ਪ੍ਰੀਕ੍ਰਿਆ ਮੁਕੰਮਲ ਹੋਣ ਉਪਰੰਤ ਵਿਭਾਗ ਨੂੰ ਨਵੇਂ 52 ਕਿਰਤ ਇੰਸਪੈਕਟਰ ਉਪਲਬਧ ਹੋ ਜਾਣਗੇ। ਇਸ ਤੋਂ ਇਲਾਵਾ ਉਸਾਰੀ ਕਿਰਤੀਆਂ ਦੀ ਸਹੂਲਤ ਲਈ ਕਿਰਤ ਵਿਭਾਗ ਵੱਲੋਂ “ਪੰਜਾਬ ਕਿਰਤੀ ਸਹਾਇਕ” ਮੋਬਾਇਲ ਐਪ ਚਲਾਈ ਗਈ ਹੈ, ਜਿਸ ਰਾਹੀਂ ਕਿਰਤੀ ਘਰ ਬੈਠੇ ਹੀ ਬਤੌਰ ਲਾਭਪਾਤਰੀ ਰਜਿਸਟ੍ਰੇਸ਼ਨ/ਰੀਨਿਊਵਲ ਕਰਵਾ ਸਕਦਾ ਹੈ।
Published on: ਮਾਰਚ 27, 2025 4:12 ਬਾਃ ਦੁਃ