ਮੁੱਖ ਮੰਤਰੀ ਨੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ਅਤੇ ਮੀਡੀਆ ‘ਚ ਸੁਰਖੀਆਂ ਬਟੋਰਨ ਲਈ ਢਕਵੰਜ ਕਰਨ ‘ਤੇ ਕਾਂਗਰਸੀ ਆਗੂਆਂ ਦੀ ਕੀਤੀ ਆਲੋਚਨਾ

ਪੰਜਾਬ

ਚੰਡੀਗੜ੍ਹ, 27 ਮਾਰਚ: ਦੇਸ਼ ਕਲਿੱਕ ਬਿਓਰੋ

ਪੰਜਾਬ ਦੇ CM Bhagwant Mann ਨੇ ਵੀਰਵਾਰ ਨੂੰ ਕਾਂਗਰਸੀ ਆਗੂਆਂ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਉਤੇ ਗੈਰ-ਜ਼ਿੰਮੇਵਾਰਾਨਾ ਤੇ ਗੈਰ-ਪ੍ਰਸੰਗਕ ਬਿਆਨ ਦੇਣ ਅਤੇ ਮੀਡੀਆ ‘ਚ ਸੁਰਖੀਆਂ ਬਟੋਰਨ ਦੀ ਲਾਲਸਾ ਪੂਰੀ ਕਰਨ ਲਈ ਢਕਵੰਜ ਕਰਨ ਉਪਰ ਤਿੱਖਾ ਹਮਲਾ ਕੀਤਾ।

ਵਿਧਾਨ ਸਭਾ ਸੈਸ਼ਨ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਸੈਸ਼ਨ ਵਿੱਚ ਰੁਕਾਵਟ ਪਾਉਣ ਦੇ ਆਦੀ ਹਨ, ਉਹ ਮੀਡੀਆ ਦਾ ਧਿਆਨ ਖਿੱਚਣ ਲਈ ਮਾਮੂਲੀ ਮੁੱਦਿਆਂ ‘ਤੇ ਅਕਸਰ ਵਾਕਆਊਟ ਕਰ ਦਿੰਦੇ ਹਨ। ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸਾਧਦਿਆਂ CM Bhagwant Mann ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਵਿਰੋਧੀ ਧਿਰ 1999 ਤੋਂ ਵਾਤਾਵਰਣ ਲਈ ਕੰਮ ਕਰ ਰਹੇ ਉੱਘੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਸਾਖ ‘ਤੇ ਸਵਾਲ ਉਠਾ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ 1975 ਦੇ ਵਿਸ਼ਵ ਕੱਪ ਹਾਕੀ ਦੀ ਜੇਤੂ ਟੀਮ ਵਿਧਾਨ ਸਭਾ ਦੀ ਗੈਲਰੀ ਵਿੱਚ ਬੈਠੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸੀਚੇਵਾਲ ਦੀਆਂ ਡਿਗਰੀਆਂ ਬਾਰੇ ਪੁੱਛਣ ਵਾਲੇ ਇਹ ਭੁੱਲ ਗਏ ਹਨ ਕਿ ਉਨ੍ਹਾਂ ਦੇ ਆਪਣੇ ਆਗੂ ਰਾਹੁਲ ਗਾਂਧੀ ਕੋਲ ਕੈਂਬਰਿਜ ਤੋਂ ਡਿਗਰੀ ਹੈ ਪਰ ਉਨ੍ਹਾਂ ਦੇਸ਼ ਲਈ ਕੁਝ ਵੀ ਭਰੋਸੇਯੋਗ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦੂਨ, ਸਨਾਵਰ ਜਾਂ ਹੋਰ ਮਹਿੰਗੀਆਂ ਥਾਂਵਾਂ ਤੋਂ ਡਿਗਰੀਆਂ ਹਾਸਲ ਕੀਤੀਆਂ ਹਨ ਅਤੇ ਸੂਬੇ ਦੇ ਮੁੱਖ ਮੰਤਰੀ ਸਨ, ਉਨ੍ਹਾਂ ਨੇ ਦੇਸ਼ ਜਾਂ ਸੂਬੇ ਲਈ ਕੋਈ ਯੋਗਦਾਨ ਨਹੀਂ ਪਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਗੂ ਇਹ ਭੁੱਲ ਜਾਂਦੇ ਹਨ ਕਿ ਬਿਨਾਂ ਕਿਸੇ ਪੇਸ਼ੇਵਰ ਡਿਗਰੀ ਤੋਂ ਵਿਅਕਤੀ ਲੋਕ ਸੇਵਾ ਦਾ ਬੇਮਿਸਾਲ ਕੰਮ ਕਰ ਸਕਦਾ ਹੈ ਅਤੇ ਬਾਬਾ ਸੀਚੇਵਾਲ ਇਸ ਦੀ ਪ੍ਰਤੱਖ ਮਿਸਾਲ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਹਕੀਕਤ ਹੈ ਕਿ ਬਾਬਾ ਸੀਚੇਵਾਲ ਛੱਪੜਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰ ਸਕਦੇ ਹਨ ਪਰ ਉਹ ਇਨ੍ਹਾਂ ਆਗੂਆਂ ਦੀ ਗੰਦੀ ਮਾਨਸਿਕਤਾ ਨੂੰ ਸਾਫ਼ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਦੀ ਲਾਲਸਾ ਵਿੱਚ ਵਿਰੋਧੀ ਧਿਰ ਦੇ ਨੇਤਾ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਸੀਚੇਵਾਲ ਦੇ ਕੰਮ ਨੂੰ ਭਾਰਤ ਦੇ ਉੱਘੇ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੇ ਵੀ ਮਾਨਤਾ ਦਿੱਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਫੇਸਬੁੱਕ ਦਾ ਮਾਲਕ ਕਾਲਜ ਤੋਂ ਡਰਾਪ ਆਊਟ ਹੈ ਅਤੇ ਉਸ ਕੋਲ ਕੋਈ ਡਿਗਰੀ ਨਹੀਂ ਹੈ ਪਰ ਕਾਂਗਰਸੀ ਆਗੂ ਇਨ੍ਹਾਂ ਦੇ  ਬਣਾਏ ਪਲੇਟਫਾਰਮਾਂ ਦੀ ਵਰਤੋਂ ਸਾਨੂੰ ਗਾਲ੍ਹਾਂ ਕੱਢਣ ਲਈ ਕਰਦੇ ਹਨ। ਉਨ੍ਹਾਂ ਵਿਅੰਗ ਕੀਤਾ ਕਿ ਗੈਰ-ਗੰਭੀਰ ਕਾਂਗਰਸ ਦੇ ਇੱਕ ਹਿੱਸੇ ਨੇ ਸੈਸ਼ਨ ਤੋਂ ਵਾਕਆਊਟ ਕੀਤਾ, ਜਦੋਂ ਕਿ ਕੁਝ ਹੋਰ ਸੈਸ਼ਨ ਵਿੱਚ ਹਾਜ਼ਰ ਹੋਏ, ਜੋ ਇਹ ਦਰਸਾਉਂਦਾ ਹੈ ਕਿ ਕਾਂਗਰਸ ਵੰਡੀ ਹੋਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਪੰਜਾਬ ਦੀ ਸਰਕਾਰ ਦਿੱਲੀ ਤੋਂ ਚਲਾਈ ਜਾਂਦੀ ਹੈ, ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਕੰਮ ਰਾਜਸਥਾਨ, ਛੱਤੀਸਗੜ੍ਹ ਅਤੇ ਹੋਰ ਰਾਜਾਂ ਤੋਂ ਚਲਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪੰਜਾਬੀਆਂ ਦਾ ਸਤਿਕਾਰ ਨਹੀਂ ਕਰਦੀ, ਸਗੋਂ ਹਮੇਸ਼ਾ ਉਨ੍ਹਾਂ ਨੂੰ ਅਪਮਾਨਿਤ ਕਰਦੀ ਆਈ ਹੈ ਅਤੇ ਸੰਤ ਸੀਚੇਵਾਲ ਵਿਰੁੱਧ ਦੁਸ਼ਮਣੀ ਇਸੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਸੰਤ ਸੀਚੇਵਾਲ ਵਿਰੁੱਧ ਅਜਿਹਾ ਗੁੱਸਾ ਮੰਦਭਾਗਾ ਅਤੇ ਗੈਰ-ਵਾਜਬ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿੱਥੇ ਇਹ ਆਗੂ ਉਨ੍ਹਾਂ ਵਿਰੁੱਧ ਤਰਕਹੀਣ ਬਿਆਨਬਾਜ਼ੀ ਕਰਦੇ ਹਨ, ਉੱਥੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਬਹੁਤ ਸਾਰੇ ਆਗੂ ਸੇਧ ਲੈਣ ਲਈ ਬਾਬਾ ਸੀਚੇਵਾਲ ਕੋਲ ਆਉਂਦੇ ਹਨ।

ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 153 ਬਲਾਕਾਂ ਵਿੱਚੋਂ 117 ਬਲਾਕ ਡਾਰਕ ਜ਼ੋਨ ਵਿੱਚ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੋਈ ਯਤਨ ਕਰਨ ਦੀ ਖੇਚਲ ਨਹੀਂ ਕੀਤੀ ਅਤੇ ਪੰਜ ਦਰਿਆਵਾਂ ਦੀ ਇਸ ਧਰਤੀ ‘ਤੇ ਕਿਸਾਨਾਂ ਨੂੰ ਟੇਲਾਂ ਤੱਕ ਕਦੇ ਪਾਣੀ ਨਹੀਂ ਪਹੁੰਚਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਸੂਬੇ ਵਿੱਚ 15947 ਰਜਵਾਹਿਆਂ ਨੂੰ ਸੁਰਜੀਤ ਕੀਤਾ ਹੈ, ਜਿਸ ਕਾਰਨ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਪਾਣੀ ਟੇਲਾਂ ਤੱਕ ਪਹੁੰਚਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਕੇਂਦਰ ਸਰਕਾਰ ਦੀ ਰਿਪੋਰਟ ਅਨੁਸਾਰ ਇਸ ਵਿੱਚ ਇੱਕ ਮੀਟਰ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਹੈ ਅਤੇ ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾ ਰਿਹਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਭ੍ਰਿਸ਼ਟ ਅਧਿਕਾਰੀ ਨੂੰ ਨੱਥ ਪਾਈ ਜਾਵੇਗੀ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਹਰ ਦਿਨ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਅਤੇ ਲੋਕਾਂ ਦੇ ਫੀਡਬੈਕ ਦੇ ਆਧਾਰ ‘ਤੇ ਸੂਬੇ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਲਈ ਸਮਰਪਿਤ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਰੰਗਲਾ ਪੰਜਾਬ ਵਿਕਾਸ ਯੋਜਨਾ’ ਹਰ ਜ਼ਿਲ੍ਹੇ ਵਿੱਚ ਉਸ ਜ਼ਿਲ੍ਹੇ ਦੇ ਲੋਕਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਲਾਨਾ ਪੰਜ ਕਰੋੜ ਰੁਪਏ ਦੇ ਫੰਡ ਦਾ ਪ੍ਰਬੰਧਨ ਡਿਪਟੀ ਕਮਿਸ਼ਨਰਾਂ (ਡੀ.ਸੀ.) ਦੁਆਰਾ ਕੀਤਾ ਜਾਵੇਗਾ ਅਤੇ ਇਸ ਨੂੰ ਵਿਧਾਇਕਾਂ, ਸਮਾਜਿਕ ਸੰਗਠਨਾਂ, ਨਾਗਰਿਕ ਸਮੂਹਾਂ ਅਤੇ ਜਨਤਕ ਭਲਾਈ ਵਾਲੇ ਨਾਗਰਿਕਾਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਖਰਚ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਫੰਡ ਸਾਰੇ ਜ਼ਿਲ੍ਹਿਆਂ ਦੇ ਹਰੇਕ ਖੇਤਰ ਜਿਵੇਂ ਕਿ ਸੜਕਾਂ ਤੇ ਪੁਲਾਂ ਦੀ ਉਸਾਰੀ ਤੇ ਮੁਰੰਮਤ, ਸਟਰੀਟ ਲਾਈਟਾਂ, ਕਲੀਨਿਕਾਂ, ਹਸਪਤਾਲਾਂ, ਸਕੂਲਾਂ, ਪਾਣੀ, ਸੈਨੀਟੇਸ਼ਨ ਅਤੇ ਹੋਰਨਾਂ ਖੇਤਰਾਂ ਲਈ ਰੱਖੇ ਗਏ ਹਨ, ਜੋ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਸਹਾਇਕ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ ਕੋਈ ਅਜਿਹਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਆਮ ਆਦਮੀ ਨੂੰ ਬਹੁਤ ਲਾਭ ਪਹੁੰਚੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਜਟ ਵਿੱਚ ‘ਰੰਗਲਾ ਪੰਜਾਬ ਵਿਕਾਸ ਯੋਜਨਾ’ ਲਈ 585 ਕਰੋੜ ਰੁਪਏ (ਪ੍ਰਤੀ ਹਲਕਾ ਪੰਜ ਕਰੋੜ ਰੁਪਏ) ਦਾ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੱਤਾ ਸੰਭਾਲਣ ਦੇ ਸਿਰਫ਼ 36 ਮਹੀਨਿਆਂ ਵਿੱਚ ਹੀ ਨੌਜਵਾਨਾਂ ਨੂੰ 52,606 ਨੌਕਰੀਆਂ ਦੇ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਅਣਥੱਕ ਮਿਹਨਤ ਕਰ ਰਹੀ ਹੈ, ਜਿਸ ਲਈ ਨੌਜਵਾਨ ਅਤੇ ਯੋਗ ਉਮੀਦਵਾਰਾਂ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮਕਸਦ ਲਈ ਹੀ ਸੂਬਾ ਸਰਕਾਰ ਨੇ ਸੂਬੇ ਨੂੰ ਵਿਕਾਸ ਦੇ ਰਾਹ ‘ਤੇ ਪਾਉਣ ਲਈ ਇਹ ਵਿਆਪਕ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਘਰਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਹੈ, ਜਿਸ ਤੋਂ ਬਾਅਦ 90 ਫ਼ੀਸਦ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਨੇ ਸੂਬੇ ਨੂੰ ਵਾਧੂ ਬਿਜਲੀ ਉਤਪਾਦਨ ਵਿੱਚ ਸਮਰੱਥ ਬਣਾਉਣ ਲਈ ਕਿਸੇ ਨਿੱਜੀ ਫਰਮ ਤੋਂ ਪਾਵਰ ਪਲਾਂਟ ਖਰੀਦਿਆ ਹੈ। ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਦੇਣ ਦੀ ਮੰਗ ਦਾ ਹਵਾਲਾ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਸੀ ਤਾਂ ਉਸ ਸਮੇਂ ਇਦਾਂ ਕਿਉਂ ਨਹੀਂ ਕੀਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਭਾਰਤ ਰਤਨ ਪੁਰਸਕਾਰ ਦੇਣ ਨਾਲ ਇਸ ਪੁਰਸਕਾਰ ਦਾ ਮਾਣ ਹੋਰ ਵਧੇਗਾ। ਭਗਵੰਤ ਸਿੰਘ ਮਾਨ ਨੇ ਦੁੱਖ ਜ਼ਾਹਰ ਕੀਤਾ ਕਿ ਬਦਕਿਸਮਤੀ ਨਾਲ ਆਜ਼ਾਦੀ ਦੇ 75 ਸਾਲਾਂ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਇਨ੍ਹਾਂ ਕੌਮੀ ਨਾਇਕਾਂ ਨੂੰ ਇਹ ਪੁਰਸਕਾਰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵੱਕਾਰੀ ਪੁਰਸਕਾਰ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਇੱਕ ਉੱਚ ਪੱਧਰੀ ਕਮੇਟੀ ਦੁਆਰਾ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਵਿਅੰਗ ਕਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਨੇ ਇਸ ਵੱਕਾਰੀ ਪੁਰਸਕਾਰ ਲਈ ਆਪਣੇ ਨਾਵਾਂ ਦੀ ਹੀ ਸਿਫਾਰਸ਼ ਕਰ ਦਿੱਤੀ ਸੀ।

Published on: ਮਾਰਚ 27, 2025 9:25 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।