ਜ਼ੀਰਕਪੁਰ/ਮੋਹਾਲੀ, 27 ਮਾਰਚ, 2025: ਦੇਸ਼ ਕਲਿੱਕ ਬਿਓਰੋ
ਐਸ.ਡੀ.ਐਮ, ਡੇਰਾਬੱਸੀ, ਅਮਿਤ ਗੁਪਤਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਸਿਹਤਮੰਦ ਜੀਵਨ ਪ੍ਰਦਾਨ ਕਰਨ ਦੇ ਮਕਸਦ ਨਾਲ ਪੰਜਾਬ ਦੇ ਵੱਖ- ਵੱਖ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ ਸੀ ਐਮ ਦੀ ਯੋਗਸ਼ਾਲਾ ਅਧੀਨ ਜ਼ੀਰਕਪੁਰ ਵਿੱਚ ਵੱਖ-ਵੱਖ ਥਾਵਾਂ ‘ਤੇ ਲੱਗਦੀਆਂ ਯੋਗਸ਼ਾਲਾਵਾਂ ਸ਼ਹਿਰ ਵਾਸੀਆਂ ਨੂੰ ਨਿਰੋਗ ਜੀਵਨ ਅਤੇ ਮਾਨਸਿਕ ਤੰਦਰੁਸਤੀ ਦੇ ਰਹੀਆ ਹਨ।
ਐਸ.ਡੀ.ਐਮ. ਅਮਿਤ ਗੁਪਤਾ ਅਨੁਸਾਰ ਯੋਗਾ ਟ੍ਰੇਨਰ ਅਭਿਸ਼ੇਕ ਰਾਣਾ ਵੱਲੋਂ ਜ਼ੀਰਕਪੁਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਜ਼ਾਨਾ 6 ਯੋਗਾ ਸ਼ੈਸ਼ਨ ਲਗਾਏ ਜਾ ਰਹੇ ਹਨ, ਜਿਸ ਵਿੱਚ ਪ੍ਰਤੀ ਦਿਨ 85 ਦੇ ਕਰੀਬ ਭਾਗੀਦਾਰਾਂ ਵੱਲੋਂ ਹਿੱਸਾ ਲਿਆ ਜਾਂਦਾ ਹੈ। ਉਨ੍ਹਾਂ ਵੱਲੋਂ ਪਹਿਲੀ ਅਤੇ ਚੌਥੀ ਕਲਾਸ ਨਾਭਾ ਕਮਿਊਨਿਟੀ ਹਾਲ, ਪਿੰਡ ਨਾਭਾ, ਪਟਿਆਲਾ ਰੋਡ ਵਿਖੇ ਸਵੇਰੇ 5.25 ਤੋਂ 6.25 ਵਜੇ ਤੱਕ ਅਤੇ ਸਵੇਰੇ 10.00 ਤੋਂ 11.00 ਵਜੇ ਤੱਕ, ਦੂਜੀ ਕਲਾਸ ਸਵਾਸਤਿਕ ਵਿਹਾਰ, ਪਟਿਆਲਾ ਰੋਡ ਪਾਰਕ ਵਿਖੇ ਸਵੇਰੇ 6.30 ਵਜੇ ਤੋਂ 7.30 ਵਜੇ ਤੱਕ, ਤੀਜੀ ਕਲਾਸ ਮਾਇਆ ਗਾਰਡਨ, ਫੇਜ਼-3, ਵੀ.ਆਈ.ਪੀ. ਰੋਡ ਵਿਖੇ ਸਵੇਰੇ 7.40 ਤੋਂ 8.40 ਵਜੇ ਤੱਕ, ਪੰਜਵੀ ਕਲਾਸ ਪਿੰਡ ਛੱਤਬੀੜ, ਗੁਰਦੁਆਰਾ ਹਾਲ ਵਿਖੇ ਬਾਅਦ ਦੁਪਿਹਰ 3.40 ਤੋਂ 4.40 ਵਜੇ ਤੱਕ ਅਤੇ ਛੇਵੀਂ ਕਲਾਸ ਮੈਕਸਿਜ਼ਇਲਾਜ਼ਾ ਨਗਲਾ ਰੋਡ ਵਿਖੇ ਸ਼ਾਮ 4.50 ਤੋਂ 5.50 ਵਜੇ ਤੱਕ ਲਾਈ ਜਾਂਦੀ ਹੈ।
ਯੋਗਾ ਟ੍ਰੇਨਰ ਅਭਿਸ਼ੇਕ ਰਾਣਾ ਦਾ ਕਹਿਣਾ ਹੈ ਕਿ ਉਸ ਦੀ ਯੋਗ ਸ਼ਾਲਾ ਵਿੱਚ ਆਉਣ ਵਾਲੇ ਬਹੁਤ ਸਾਰੇ ਪ੍ਰਤੀਭਾਗੀਆਂ ਵੱਲੋਂ ਨਰਿੰਤਰ ਯੋਗਾ ਅਭਿਆਸ ਨਾਲ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਂਦਾ ਹੈ। ਯੋਗਾ ਦੇ ਮਨੁੱਖੀ ਸਰੀਰ ਨੂੰ ਬਹੁਤ ਫਾਇਦੇ ਹਨ। ਲਗਾਤਾਰ ਯੋਗਾ ਅਭਿਆਸ ਨਾਲ ਕਈ ਭਾਗੀਦਾਰਾਂ ਨੇ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਹੈ। ਉਨ੍ਹਾਂ ਦੱਸਿਆ ਕਿ ਯੋਗਾ ਕਰਨ ਨਾਲ ਮਨੁੱਖ ਦੇ ਚਿੰਤਾ ਮੁਕਤ ਹੋਣ ਤੇ ਨਾਲ ਨਾਲ ਉਸ ਦਾ ਆਤਮ ਵਿਸ਼ਵਾਸ ਵੀ ਵਧਦਾ ਹੈ ਅਤੇ ਮਨੁੱਖ ਆਪਣੇ ਆਪ ਨੂੰ ਜੋਸ਼ੀਲਾ ਅਤੇ ਫੁਰਤੀਲਾ ਮਹਿਸੂਸ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਰੋਜ਼ਾਨਾ ਲੱਗਣ ਵਾਲੀਆ ਯੋਗਾ ਕਲਾਸਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਯੋਗਾ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ, ਜਿਸ ਨਾਲ ਲੋਕ ਰੋਗ ਮੁਕਤੀ ਦੇ ਨਾਲ-ਨਾਲ ਖੁਸ਼ਹਾਲ ਜੀਵਨ ਵੀ ਬਤੀਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਯੋਗਾ ਕਲਾਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ ‘ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
Published on: ਮਾਰਚ 27, 2025 3:21 ਬਾਃ ਦੁਃ