ਚੰਡੀਗੜ੍ਹ, 28 ਮਾਰਚ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ।ਅੱਜ ਸੂਬੇ ਵਿੱਚ 30 ਤੋਂ 35 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ‘ਚ ਨਾ ਤਾਂ ਮੀਂਹ ਅਤੇ ਨਾ ਹੀ ਕੋਈ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਉਮੀਦ ਹੈ, ਜਿਸ ਕਾਰਨ ਤਾਪਮਾਨ ਲਗਾਤਾਰ ਵਧ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵੀ ਸਤਾਉਣ ਵਾਲੀ ਹੈ।
ਸੂਬੇ ਵਿੱਚ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਰਾਜ ਦਾ ਔਸਤ ਤਾਪਮਾਨ ਆਮ ਨਾਲੋਂ 3.4 ਡਿਗਰੀ ਸੈਲਸੀਅਸ ਵੱਧ ਸੀ।
ਵੀਰਵਾਰ ਨੂੰ ਸੂਬੇ ਦਾ ਸਭ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਲੁਧਿਆਣਾ ਵਿੱਚ ਦਰਜ ਕੀਤਾ ਗਿਆ। ਜਿਸ ਕਾਰਨ ਇਹ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਬਣ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ (35.1 ਡਿਗਰੀ ਸੈਲਸੀਅਸ), ਪਟਿਆਲਾ (34.7 ਡਿਗਰੀ ਸੈਲਸੀਅਸ) ਅਤੇ ਬਠਿੰਡਾ (34.6 ਡਿਗਰੀ ਸੈਲਸੀਅਸ) ਵਿੱਚ ਵੀ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ।
ਲਗਾਤਾਰ ਵਧ ਰਹੇ ਤਾਪਮਾਨ ਕਾਰਨ ਲੋਕਾਂ ਨੂੰ ਦਿਨ ਵੇਲੇ ਕੜਕਦੀ ਧੁੱਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਦੁਪਹਿਰ ਵੇਲੇ ਗਰਮ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ‘ਚ ਤਾਪਮਾਨ ‘ਚ ਹੋਰ ਵਾਧਾ ਹੋ ਸਕਦਾ ਹੈ।
Published on: ਮਾਰਚ 28, 2025 8:10 ਪੂਃ ਦੁਃ