ਚੰਡੀਗੜ੍ਹ, 28 ਮਾਰਚ, ਦੇਸ਼ ਕਲਿਕ ਬਿਊਰੋ :
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਤਵਾਦੀ ਹਰਵਿੰਦਰ ਰਿੰਦਾ ਗੈਂਗ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦਹਿਸ਼ਤ ਫੈਲਾਉਣ ਦੀ ਤਿਆਰੀ ਕਰ ਰਹੇ ਸਨ। ਇਨ੍ਹਾਂ ਦੀ ਪਛਾਣ ਯੁਗਪ੍ਰੀਤ ਉਰਫ਼ ਯੁਵੀ ਨਿਹੰਗ ਵਾਸੀ ਕਾਜ਼ੀਆਂ ਮੁਹੱਲਾ, ਹਰਜੋਤ ਸਿੰਘ ਉਰਫ਼ ਜੋਤ ਹੁੰਦਲ ਵਾਸੀ ਦੁਗਲਾ ਮੁਹੱਲਾ ਅਤੇ ਜਸਕਰਨ ਸਿੰਘ ਸ਼ਾਹ ਵਾਸੀ ਅਗੌਤੀਆਂ ਮੁਹੱਲਾ, ਥਾਣਾ ਰਾਹੋਂ, ਜ਼ਿਲ੍ਹਾ ਐੱਸ.ਬੀ.ਐੱਸ.ਨਗਰ ਵਜੋਂ ਹੋਈ ਹੈ।
ਐਨਆਈਏ ਨੇ ਤਿੰਨਾਂ ਮੁਲਜ਼ਮਾਂ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਚਾਰ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਇਨ੍ਹਾਂ ਖਿਲਾਫ ਪੰਜਾਬ ਅਤੇ ਦਿੱਲੀ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ। ਹਰਜੋਤ ਸਿੰਘ ਉਰਫ਼ ਜੋਤ ਖ਼ਿਲਾਫ਼ 2021 ਵਿੱਚ ਕਪੂਰਥਲਾ ਜ਼ਿਲ੍ਹੇ ਦੇ ਸੁਭਾਨਪੁਰ ਥਾਣੇ ਵਿੱਚ ਕਤਲ ਸਮੇਤ ਹੋਰ ਕੇਸ ਦਰਜ ਹਨ। ਜਸਕਰਨ ਸਿੰਘ ਸ਼ਾਹ ਨੂੰ ਨਸ਼ੇ ਦੇ ਟੀਕੇ ਸਮੇਤ ਕਾਬੂ ਕੀਤਾ ਗਿਆ। ਉਸ ਵਿਰੁੱਧ 2022 ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
NIA ਨੂੰ ਸੂਚਨਾ ਮਿਲੀ ਸੀ ਕਿ ਇਹ ਬਦਮਾਸ਼ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹਨ। ਹਾਲਾਂਕਿ NIA ਨੇ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਨ੍ਹਾਂ ਨੂੰ ਕਿਸ ਕੇਸ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
Published on: ਮਾਰਚ 28, 2025 7:51 ਪੂਃ ਦੁਃ