ਅਮਰਗੜ੍ਹ, 29 ਮਾਰਚ: ਦੇਸ਼ ਕਲਿੱਕ ਬਿਓਰੋ
ਸਥਾਨਕ ਸੇਵਾ ਕੇਂਦਰ ਅਮਰਗੜ੍ਹ ਦੀ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਡੀ.ਐਮ ਅਮਰਗੜ੍ਹ ਰਾਕੇਸ਼ ਪ੍ਰਕਾਸ਼ ਗਰਗ ਵਲੋਂ ਅਚਨਚੇਤ ਦੌਰਾ ਕਰਦੇ ਹੋਏ ਸੇਵਾ ਕੇਂਦਰ ਦੀ ਕਾਰਜ ਪ੍ਰਕ੍ਰਿਆ ਵਿਧੀ ਦੀ ਜਾਂਚ ਕੀਤੀ ਗਈ। ਉਨ੍ਹਾਂ ਨੇ ਕੇਂਦਰ ਵਿੱਚ ਮੌਜੂਦ ਸਹੂਲਤਾਂ, ਸਟਾਫ ਦੀ ਮੌਜੂਦਗੀ ਅਤੇ ਸੇਵਾਵਾਂ ਦੀ ਉਪਲਬਧਤਾ ਦਾ ਬਾਰਿਕੀ ਨਾਲ ਨਿਰੀਖਣ ਕੀਤਾ।
ਐਸ.ਡੀ.ਐਮ ਨੇ ਉਥੋਂ ਆਏ ਹੋਏ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਰਾਏ ਲਈ ਅਤੇ ਪੁੱਛਿਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਨਹੀਂ। ਇਸ ਦੌਰਾਨ, ਜ਼ਿਆਦਾਤਰ ਲੋਕਾਂ ਨੇ ਸੇਵਾ ਕੇਂਦਰ ਦੀ ਕਾਰਗੁਜ਼ਾਰੀ ਤੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਸਰਕਾਰੀ ਸੇਵਾਵਾਂ ਸਮੇਂ ਸਿਰ ਸਰਲ ਅਤੇ ਸੁਗਮ ਢੰਗ ਨਾਲ ਪ੍ਰਾਪਤ ਹੋ ਰਹੀਆਂ ਹਨ। ਐਸ.ਡੀ.ਐਮ ਨੇ ਸੇਵਾ ਕੇਂਦਰ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਕੰਮ ਪ੍ਰਤੀ ਨਿੱਜੀ ਸ਼ਮੂਲੀਅਤ ਤੇ ਜ਼ਿੰਮੇਵਾਰੀ ਨੂੰ ਵੀ ਜਾਂਚਿਆ। ਉਨ੍ਹਾਂ ਨੇ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਉਹ ਲੋਕਾਂ ਨਾਲ ਸੁਹਜ ਭਾਵਨਾ ਰਖਣ ਅਤੇ ਹਰ ਵਿਅਕਤੀ ਦੀ ਸ਼ਿਕਾਇਤ ਜਾਂ ਪੁੱਛਗਿੱਛ ਨੂੰ ਗੰਭੀਰਤਾ ਨਾਲ ਸੁਨਣ।
ਚੈਕਿੰਗ ਦੌਰਾਨ, ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਆਸਾਨੀ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਕਿਸੇ ਵੀ ਦੇਰੀ ਤੋਂ ਬਿਨਾਂ ਪ੍ਰਦਾਨ ਕੀਤੀਆਂ ਜਾਣ। ਇਸ ਮੌਕੇ ਤੇ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਸੇਵਾਵਾਂ ਨੂੰ ਲੈ ਕੇ ਕਿਸੇ ਵੀ ਧੋਖੇਬਾਜ਼ੀ ਜਾਂ ਭ੍ਰਿਸ਼ਟਾਚਾਰ ਤੋਂ ਬਚਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਜਾਂ ਕਿਸੇ ਕਰਮਚਾਰੀ ਵਲੋਂ ਅਣਉਚਿਤ ਵਤੀਰਾ ਅਪਣਾਇਆ ਜਾਂਦਾ ਹੈ ਤਾਂ ਉਹ ਇਸ ਬਾਰੇ ਉਚ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਜਾਂ ਉਨ੍ਹਾਂ ਨਾਲ ਦਫ਼ਤਰੀ ਸਮੇਂ ਦੌਰਾਨ ਸੰਪਰਕ ਕਰਕੇ ਆਪਣੀ ਸਮਸਿਆਂ ਦੱਸਣ ।
ਉਨ੍ਹਾਂ ਨੇ ਸੇਵਾ ਕੇਂਦਰ ਵਿੱਚ ਵਧੀਆ ਪ੍ਰਬੰਧ ਹੋਣ ਤੇ ਕੇਂਦਰ ਦੇ ਇੰਚਾਰਜ ਤੇ ਸਟਾਫ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਆਦੇਸ਼ ਦਿੱਤਾ ਕਿ ਇਸ ਤਰ੍ਹਾਂ ਦੀ ਵਿਵਸਥਾ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇ, ਤਾਂ ਜੋ ਆਮ ਲੋਕ ਬਿਨਾ ਕਿਸੇ ਰੁਕਾਵਟ ਦੇ ਆਪਣੀਆਂ ਸਰਕਾਰੀ ਸੇਵਾਵਾਂ ਪ੍ਰਾਪਤ ਕਰ ਸਕਣ।
Published on: ਮਾਰਚ 29, 2025 5:05 ਬਾਃ ਦੁਃ