ਮੋਹਾਲੀ: 29 ਮਾਰਚ, ਜਸਵੀਰ ਗੋਸਲ
ਪੰਜਾਬ ਸਿਵਲ ਸਕੱਤਰੇਤ ਰਿਟਾਇਰਡ ਅਫਸਰ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ 30 ਮਾਰਚ ਨੂੰ ਚੰਡੀਗੜ ਵਿਖੇ ਹੋਵੇਗੀ। ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਪੈਨਸ਼ਨਰਜ਼ ਦੀਆਂ ਮੰਗਾਂ ਸਬੰਧੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ 70, 80 ਅਤੇ 85 ਸਾਲ ਦੀ ਉਮਰ ਪੂਰੀ ਕਰਨ ਵਾਲੇ ਰਿਟਾਇਰਡ ਅਫਸਰਾਂ ਨੂੰ ਮੁਮੈਂਟੋਜ਼ ਦਿੱਤੇ ਜਾਣਗੇ। ਸ੍ਰੀ ਸ਼ਰਮਾ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਆਪਣੇ ਪੈਨਸ਼ਨਰਾਂ ਨੂੰ ਡੀ.ਏ. ਦੀਆਂ ਕਿਸ਼ਤਾਂ ਵੀ ਜਾਰੀ ਨਹੀਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੈਨਸ਼ਨਰਜ਼ ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਅਤੇ ਆਪਣੇ ਗੁਆਂਢੀ ਰਾਜ ਹਰਿਆਣਾ ਦੇ ਪੈਨਸ਼ਨਰਜ਼ ਤੋਂ ਇਸ ਵੇਲੇ 11% ਡੀ.ਏ. ਘੱਟ ਪ੍ਰਾਪਤ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਆਪਣੇ ਪੈਨਸ਼ਨਰਜ਼ ਨੂੰ ਮਿਤੀ 01.07.2023 ਤੋਂ 4% ਮਿਤੀ 01.01.2024 ਤੋਂ 4% ਅਤੇ ਮਿਤੀ 01.07.2024 ਤੋਂ 3% ਡੀ.ਏ. ਜਾਰੀ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਅਜੇ ਤੱਕ ਆਪਣੇ ਪੈਨਸ਼ਨਰਜ਼ ਨੂੰ ਜਨਵਰੀ 2016 ਤੋਂ ਜੂਨ 2021 ਤੱਕ ਦਾ ਪੇਅ ਕਮਿਸ਼ਨ ਦਾ ਬਕਾਇਆ ਵੀ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਕਾਇਆ ਕਿਸ਼ਤਾਂ ਵਿੱਚ ਦੇਣ ਦਾ ਜੋ ਫੈਸਲਾ ਕੀਤਾ ਗਿਆ ਹੈ ਅਤੇ ਆਖਰੀ ਕਿਸ਼ਤ ਜਨਵਰੀ 2028 ਵਿੱਚ ਦੇਣ ਦੀ ਗੱਨ ਕਹੀ ਗਈ ਹੈ, ਐਸੋਸੀਏਸ਼ਨ ਇਸ ਫੈਸਲੇ ਦੀ ਕੜ੍ਹੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਬਕਾਇਆ ਯੱਕਮੁਸ਼ਤ ਤੁਰੰਤ ਜਾਰੀ ਕੀਤਾ ਜਾਵੇ। ਪੈਨਸ਼ਨਰਜ਼ ਦੀ ਪੈਨਸ਼ਨ 2.59 ਫੈਕਟਰ ਨਾਲ ਨਿਸ਼ਚਿਤ ਕੀਤੀ ਜਾਵੇ ਅਤੇ ਮੈਡੀਕਲ ਬਿੱਲਾਂ ਦੀ ਪ੍ਰਤੀ ਪੂਰਤੀ ਲਈ ਕੈਸ਼ਲੈੱਸ ਸਕੀਮ ਲਾਗੂ ਕੀਤੀ ਜਾਵੇ। ਪੰਜਾਬ ਸਰਕਾਰ ਦੀ ਇਹ ਦਲੀਲ ਮੰਨਣਯੋਗ ਨਹੀਂ ਹੈ ਕਿ ਫੰਡਜ਼ ਦੀ ਕਮੀ ਕਾਰਨ ਬਕਾਇਆ ਕਿਸ਼ਤਾਂ ਵਿੱਚ ਦਿੱਤਾ ਜਾ ਰਿਹਾ ਹੈ। ਜਦੋਂ ਕਿ ਸਰਕਾਰ ਮੁਫਤਖੋਰੀ ਦੀਆਂ ਸਕੀਮਾਂ ਚਲਾ ਰਹੀ ਹੈ। ਭਵਿੱਖ ਵਿੱਚ ਸਰਕਾਰ ਇੱਕ ਇੱਕ ਹਜ਼ਾਰ ਰੁਪਇਆ ਦੇਣ ਜਾ ਰਹੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਦੇ ਖਜਾਨੇ ਵਿੱਚ ਵਾਧੂ ਪੈਸੇ ਹਨ ਅਤੇ ਦੂਜੇ ਪਾਸੇ ਪੈਨਸ਼ਨਰਜ਼ ‘ਤੇ ਹਰ ਮਹੀਨੇ ਦੋ ਸੌ ਰੁਪਏ ਦਾ ਡਿਵੈਲਪਮੈਂਟ ਟੈਕਸ ਲਗਾ ਦਿੱਤਾ ਗਿਆ ਹੈ ਜੋ ਕਿ ਨਿੰਦਣਯੋਗ ਹੈ। ਸਰਕਾਰ ਇਹ ਦੋ ਸੌ ਰੁਪਏ ਦਾ ਟੈਕਸ ਤੁਰੰਤ ਵਾਪਸ ਲਵੇ। ਪੰਜਾਬ ਸਰਕਾਰ ਵੱਲੋ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦੇ ਸਮੇ ਪੈਨਸ਼ਨਰਜ ਨੂੰ ਡੀ ਏ ਦੀ ਬਕਾਇਆ ਕਿਸ਼ਤਾ ਵੀ ਰਿਲੀਜ ਨਹੀ ਕੀਤੀ ਗਈਆਂ ਹਨ। ਜਿਸ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਜਾਦੀ ਹੈ । ਇਸ ਸਮੇ ਮਨੋਹਰ ਸਿੰਘ ਮੱਕੜ, ਅਮਰਜੀਤ ਸਿੰਘ ਵਾਲੀਆ, ਉਮਾਕਾਂਤ ਤਿਵਾੜੀ, ਕਰਨੈਲ ਸਿੰਘ ਸੈਣੀ, ਧੰਨਾ ਸਿੰਘ, ਬੀ ਐਸ ਸੋਢੀ, ਅਰਜਨ ਦੇਵ ਪਾਠਕ, ਸੁਰਜੀਤ ਸਿੰਘ ਸ਼ੀਤਲ, ਚੰਦਰ ਸੁਰੇਖਾ ਅਤੇ ਆਸ਼ਾ ਸੂਧ ਹਾਜਿਰ ਸਨ ।
Published on: ਮਾਰਚ 29, 2025 2:26 ਬਾਃ ਦੁਃ