ਬਠਿੰਡਾ, 29 ਮਾਰਚ : ਦੇਸ਼ ਕਲਿੱਕ ਬਿਓਰੋ
ਖੇਡਾਂ ਵਿੱਚ ਸਰਕਾਰਾਂ ਦਾ ਹੱਥ ਹੋਵੇ ਤਾਂ ਖੇਡਾਂ ਪਿੱਛੇ ਨਹੀਂ ਰਹਿ ਸਕਦੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਵੱਲੋਂ ਸਥਾਨਕ ਝੀਲ ਨੰਬਰ 3 ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਖੇਡ ਵਿਭਾਗ ਅਤੇ ਪੰਜਾਬ ਰੋਇੰਗ ਚੈਂਪੀਅਨਸ਼ਿਪ ਦੇ ਸਹਿਯੋਗ ਸਦਕਾ ਕਰਵਾਈ ਗਈ 16ਵੀਂ ਪੰਜਾਬ ਰੋਇੰਗ ਚੈਂਪੀਅਨਸ਼ਿਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚਣ ਉਪਰੰਤ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਮੌਕੇ ਚੇਅਰਮੈਨ, ਸ਼ੂਗਰਫੈਡ ਪੰਜਾਬ ਸ. ਨਵਦੀਪ ਜੀਦਾ, ਚੇਅਰਮੈਨ, ਪੰਜਾਬ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ, ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਅਤੇ ਚੇਅਰਮੈਨ ,ਆਬਕਾਰੀ ਤੇ ਕਰ ਵਿਭਾਗ ਸ਼੍ਰੀ ਅਨਿਲ ਠਾਕੁਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਸਿੱਖਿਆ, ਸਿਹਤ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਠਿੰਡਾ ਵਿਖੇ ਰੋਇੰਗ ਨਰਸਰੀ ਮੰਨਜ਼ੂਰ ਕੀਤੀ ਗਈ ਹੈ। ਇਸ ਨਾਲ ਜਿੱਥੇ ਨੌਜਵਾਨਾਂ ਦਾ ਖੇਡਾਂ ਪ੍ਰਤੀ ਮਨੋਬਲ ਵਧੇਗਾ, ਉਥੇ ਹੀ ਟ੍ਰੇਨਿੰਗ ਲੈਣ ਉਪਰੰਤ ਉਨ੍ਹਾਂ ਨੂੰ ਵਧੀਆਂ ਖਿਡਾਰੀ ਬਣਨ ਦਾ ਮੌਕਾ ਮਿਲੇਗਾ।
ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਅੱਗੇ ਕਿਹਾ ਕਿ ਖੇਡਾਂ ਵਿੱਚ ਨੌਜਵਾਨ ਅੱਗੇ ਨਿਕਲਕੇ ਜਿੱਥੇ ਨੈਸ਼ਨਲ/ਇੰਟਰਨੈਸ਼ਨਲ ਵਿੱਚ ਮੈਡਲ ਪ੍ਰਾਪਤ ਕਰਦੇ ਹਨ, ਉਥੇ ਹੀ ਖੇਡਾਂ ਨਸ਼ਿਆਂ ਦੀ ਭੈੜੀ ਦਲਦਲ ਤੋਂ ਵੀ ਬਚਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਜੇਤੂਆਂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ।
ਇਸ ਦੌਰਾਨ ਵਿਧਾਇਕ ਬਠਿੰਡਾ (ਦਿਹਾਤੀ) ਸ਼੍ਰੀ ਅਮਿਤ ਰਤਨ ਕੋਟਫੱਤਾ ਨੇ ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਬਠਿੰਡਾ ਵਿਖੇ ਕਰਵਾਈ ਗਈ 16ਵੀਂ ਪੰਜਾਬ ਰੋਇੰਗ ਚੈਂਪੀਅਨਸ਼ਿਪ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਜਿੱਥੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧੇਗਾ, ਉਥੇ ਹੀ ਉਨ੍ਹਾਂ ਦਾ ਖੇਡਾਂ ਪ੍ਰਤੀ ਮਨੋਬਲ ਹੋਰ ਵੀ ਉੱਚਾ ਹੋਵੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਠਿੰਡਾ ਝੀਲਾਂ ਦਾ ਲਾਹਾ ਲੈਂਦਿਆਂ ਰੋਇੰਗ ਗੇਮ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਵਿੱਚ ਤਮਗੇ ਜਿੱਤ ਕੇ ਆਪਣਾ, ਮਾਪਿਆਂ, ਕੋਚਾਂ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜਾਵੇ।
ਪ੍ਰੋਗਰਾਮ ਦੌਰਾਨ ਜ਼ਿਲ੍ਹਾ ਰੋਇੰਗ ਐਸੋਸੀਏਸ਼ਨ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਗਿੱਲ ਪੱਤੀ ਨੇ ਪਹੁੰਚੀਆਂ ਸ਼ਖਸ਼ੀਅਤਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਠਿੰਡਾ ਵਿਖੇ ਕਰਵਾਈ ਗਈ ਇਸ ਰੋਇੰਗ ਚੈਂਪੀਅਨਸ਼ਿਪ ਨਾਲ ਜਿੱਥੇ ਨੌਜਵਾਨਾਂ ਦਾ ਖੇਡਾਂ ਪ੍ਰਤੀ ਰੁਝਾਨ ਵਧੇਗਾ, ਉਥੇ ਹੀ ਉਨ੍ਹਾਂ ਨੂੰ ਰੋਇੰਗ ਖੇਡ ਵਿੱਚ ਅੱਗੇ ਵਧਣ ਦਾ ਮੌਕਾ ਵੀ ਮਿਲੇਗਾ।
ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਭੰਗੜਾ, ਕੋਰੀਓਗ੍ਰਾਫ਼ੀ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ।
ਸਮਾਗਮ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ, ਉੱਪ ਮੰਡਲ ਮੈਜਿਸਟਰੇਟ ਰਾਮਪੁਰਾ-ਕਮ-ਸਹਾਇਕ ਕਮਿਸ਼ਨਰ ਜਨਰਲ ਸ੍ਰੀ ਗਗਨਦੀਪ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ. ਬਲਕਰਨ ਸਿੰਘ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸ੍ਰੀ ਸੁਰਿੰਦਰ ਸਿੰਘ ਬਿੱਟੂ, ਜ਼ਿਲ੍ਹਾ ਈਵੈਂਟ ਇੰਚਾਰਜ ਬਿਕਰਮ ਲਵਲੀ, ਸੁਖਵੀਰ ਬਰਾੜ, ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ, ਡਾਇਰੈਕਟਰ ਪੰਜਾਬ ਵਾਟਰ ਰਿਸੋਰਸਜ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਅਮਰਜੀਤ ਰਾਜਨ, ਕੌਂਸਲਰ ਸ੍ਰੀ ਸੁਖਦੀਪ ਸਿੰਘ ਢਿੱਲੋਂ, ਰੇਸ਼ਮ ਸਿੰਘ ਸੁੱਖੀ, ਦਵਿੰਦਰ ਸਿੰਘ ਭੋਲਾ, ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ, ਮੈਡਮ ਮਨਦੀਪ ਕੌਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਖੇਡ ਪ੍ਰੇਮੀ ਸ਼ਾਮਲ ਸਨ।
Published on: ਮਾਰਚ 29, 2025 9:42 ਬਾਃ ਦੁਃ