ਦਲਜੀਤ ਕੌਰ
ਲਹਿਰਾਗਾਗਾ, 29 ਮਾਰਚ, 2025 : ਸੁਸਾਇਟੀ ਫਾਰ ਐਜੂਕੇਸ਼ਨ ਇਨ ਬੈਕਵਰਡ ਏਰੀਆ (ਸੀਬਾ) ਵੱਲੋਂ ਛਾਜਲੀ ਵਿਖੇ ਚਲਾਏ ਜਾ ਰਹੇ ਹੌਪਰਜ ਜੋਨ ਪਲੇਅ ਸਕੂਲ ਵਿਖੇ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ਵਜੀਤ ਸਿੰਘ, ਲਖਵਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਸ਼ਬਦ ‘ਜੋ ਮਾਂਗੈ ਠਾਕੁਰ ਅਪਨੇ ਸੇ’ ਨਾਲ ਹੋਈ। ਅਰਸ਼ਦੀਪ ਕੌਰ, ਤਨਵੀਰ ਕੌਰ, ਜੋਬਨਦੀਪ ਸਿੰਘ, ਸਿਮਰਨਜੀਤ ਸਿੰਘ ਅਤੇ ਸਾਥੀਆਂ ਨੇ ’ਕੰਮੀਆਂ ਦੇ ਵਿਹੜੇ’ ਕੋਰੀਓਗ੍ਰਾਫੀ ਬੜੇ ਭਾਵਪੂਰਤ ਢੰਗ ਨਾਲ ਪੇਸ਼ ਕੀਤੀ। ਅਰਸ਼ਪ੍ਰੀਤ ਕੌਰ ਅਤੇ ਸਾਥੀਆਂ ਨੇ ਲੋਕ-ਗੀਤ ‘ਸੂਹੇ ਵੇ ਚੀਰੇ ਵਾਲ਼ਿਆ’ ਅਤੇ ਅਰਮਾਨ ਸਿੰਘ ਅਤੇ ਸਾਥੀਆਂ ਨੇ ਭੰਗੜੇ ਰਾਹੀਂ ਖੂਬ ਰੰਗ ਬੰਨ੍ਹਿਆ। ਛੋਟੇ ਬੱਚਿਆਂ ਵੱਲੋਂ ਕਵਿਤਾਵਾਂ ਅਤੇ ਡਾਂਸ ਦੀ ਪੇਸ਼ਕਾਰੀ ਨੂੰ ਮਾਪਿਆਂ ਨੇ ਬਹੁਤ ਸਲਾਹਿਆ। ਸਰਪੰਚ ਗੁਰਬਿਆਸ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦਾ ਦਿਮਾਗ ਕੱਚੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ ਅਤੇ ਬਚਪਨ ‘ਚ ਸਿਖਾਈਆਂ ਗਈਆਂ ਗੱਲਾਂ ਜ਼ਿੰਦਗੀ ਭਰ ਕੰਮ ਆਉਂਦੀਆਂ ਹਨ, ਉਹ ਭਵਿੱਖ ਉਸ ਤਰ੍ਹਾਂ ਹੀ ਬਣਕੇ ਸਾਹਮਣੇ ਆਉਣਗੇ, ਜਿਵੇਂ ਉਹਨਾਂ ਦੀ ਢਲਾਈ ਹੋਵੇਗੀ। ਅਜਿਹੇ ‘ਚ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ਲਈ ਮਾਤਾ-ਪਿਤਾ ਨੂੰ ਬਚਪਨ ‘ਚ ਹੀ ਕੁਝ ਗੱਲਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਲਈ ਖੇਡਾਂ, ਸੱਭਿਆਚਾਰਕ ਅਤੇ ਸਾਹਿਤਕ ਗਤੀਵਿਧੀਆਂ ਦੀ ਬਰਾਬਰ ਅਹਿਮੀਅਤ ਹੁੰਦੀ ਹੈ। ਮੈਡਮ ਅਮਨ ਢੀਂਡਸਾ ਅਤੇ ਇੰਚਾਰਜ ਅੰਕਿਤਾ ਮੰਗਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਪਿੰਕੀ ਸ਼ਰਮਾ ਨੇ ਬਾਖੂਬੀ ਅਦਾ ਕੀਤੀ।
ਇਸ ਮੌਕੇ ਗੁਰਨਾਮ ਸਿੰਘ ਗੁੱਡੂ, ਪੂਨੀਆ ਕਮੇਟੀ ਦੇ ਮੈਂਬਰ ਪਰਗਟ ਸਿੰਘ, ਜੱਗਾ ਸਿੰਘ, ਲੱਖਾ ਸਿੰਘ, ਚਮਕੌਰ ਸਿੰਘ, ਦਵਿੰਦਰ ਸਿੰਘ, ਹਰੀਸ਼ ਕਾਂਸਲ, ਜਗਦੀਪ ਸਿੰਘ ਆਸਟ੍ਰੇਲੀਆ, ਹਰਨੇਕ ਸਿੰਘ ਪੂਨੀਆ ਸਮੇਤ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ।
Published on: ਮਾਰਚ 29, 2025 8:08 ਬਾਃ ਦੁਃ