ਮੋਰਿੰਡਾ 30 ਮਾਰਚ ਭਟੋਆ
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਤ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮੋਰਿੰਡਾ ਵਿੱਚ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਅਕਾਲੀ ਦਲ 1920 ਦੇ ਪ੍ਰਧਾਨ ਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਨੇ ਪੰਜ ਮੈਂਬਰੀ ਕਮੇਟੀ ਨੂੰ ਪੂਰਨ ਸਮਰਥਨ ਦੇਣ ਅਤੇ ਇਸ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕਰ ਦਿੱਤਾ ।
ਸਰਦਾਰ ਰਵੀਇੰਦਰ ਸਿੰਘ ਨੇ ਇਹ ਐਲਾਨ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਦੀ ਹਾਜ਼ਰੀ ਵਿੱਚ ਮੋਰਿੰਡਾ ਦੇ ਖਾਲਸਾ ਗਰਲਜ਼ ਕਾਲਜ ਵਿੱਚ ਜਿਲਾ ਰੋਪੜ ਤੇ ਮੋਹਾਲੀ ਦੇ ਅਕਾਲੀ ਵਰਕਰਾਂ ਦੀ ਇੱਕ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ,ਜਿਸ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅਤੇ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਲਈ ਉਹਨਾਂ ਵੱਲੋਂ ਦੋ ਦਹਾਕੇ ਪਹਿਲਾਂ ਅਕਾਲੀ ਲੀਡਰਸਿਪ ਵਿਰੁੱਧ ਝੰਡਾ ਬੁਲੰਦ ਕੀਤਾ ਗਿਆ ਸੀ, ਪ੍ਰੰਤੂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜੋ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਅਕਾਲੀ ਦਲ 1920 ਦੇ ਸਮੂਹ ਆਗੂ ਅਤੇ ਵਰਕਰ ਉਸ ਨੂੰ ਪੂਰਨ ਸਹਿਯੋਗ ਦੇਣ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਤੇ ਪੰਥ ਦੀ ਪਹਿਰੇਦਾਰੀ ਕਰਨ ਵਾਲੀ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣਗੇ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦੋ ਦਸੰਬਰ ਦੇ ਹੁਕਮਨਾਮੇ ਵਿੱਚ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਨੈਤਿਕ ਆਧਾਰ ਗਵਾ ਚੁੱਕਣ ਕਾਰਨ ਸਿੱਖ ਪੰਥ ਦੀ ਅਗਵਾਈ ਕਰਨ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ ਜਿਸ ਦੀ ਪੁਨਰ ਸੁਰਜੀਤ ਲਈ ਪੰਜ ਮੈਂਬਰੀ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਨਵੀਂ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਕਾਬਜ਼ ਧਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਤੋਂ ਭਗੌੜੀ ਹੋ ਚੁੱਕੀ ਹੈ ਜਿਸ ਕਾਰਨ ਇਹ ਧਿਰ ਸਿੱਖ ਪੰਥ ਦਾ ਵਿਸ਼ਵਾਸ ਗੁਵਾ ਚੁੱਕੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇਸ ਕਾਬਜ਼ ਧਿਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਦੂਜੇ ਦੋ ਜਥੇਦਾਰਾਂ ਨੂੰ ਆਪੋ ਆਪਣੇ ਅਹੁਦਿਆਂ ਤੋਂ ਵੱਖ ਕੀਤਾ ਗਿਆ ਹੈ ਉਹ ਸਮੁੱਚੇ ਪੰਥ ਲਈ ਨਮੋਸ਼ੀ ਜਨਕ ਵਰਤਾਰਾ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਪੰਥ ਦੇ ਹੱਕਾਂ ਤੇ ਹਿਤ ਦੀ ਰਖਵਾਲੀ ਲਈ ਮਜਬੂਤ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਜਿਹੜੀ ਕਿ ਨਵੀਂ ਭਰਤੀ ਉਪਰੰਤ ਸਾਹਮਣੇ ਆਵੇਗੀ । ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਸੰਤਾਂ ਸਿੰਘ ਉਮੈਦਪੁਰੀ ਨੇ ਸਾਬਕਾ ਸਪੀਕਰ ਸਰਦਾਰ ਰਵੀਇੰਦਰ ਸਿੰਘ ਵੱਲੋਂ ਭਰਤੀ ਕਮੇਟੀ ਨੂੰ ਪੂਰਨ ਸਮਰਥਨ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਭਰਤੀ ਕਮੇਟੀ ਵੱਲੋਂ ਸਾਰੇ ਪੰਜਾਬ ਵਿੱਚ ਪੂਰੀ ਪਾਰਦਰਸ਼ਤਾ ਨਾਲ ਅਕਾਲੀ ਵਰਕਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਡੈਲੀਗੇਟ ਅਤੇ ਹੋਰ ਅਹੁਦੇਦਾਰ ਚੁਣੇ ਜਾਣਗੇ । ਉਹਨਾਂ ਨੇ ਕਿਹਾ ਕਿ ਸਿੱਖ ਭਾਵੇਂ ਪ੍ਰਦੇਸ਼ਾਂ ਵਿੱਚ ਵੱਸਦਾ ਹੋਵੇ ਤੇ ਭਾਵੇਂ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਕਿਸੇ ਹੋਰ ਸੰਸਥਾ ਨਾਲ ਜੁੜਿਆ ਹੋਵੇ ਪਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਆਉਂਦੀ ਹੈ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸਿਰ ਨਿਵਾਉਂਦਾ ਹੈ, ਇਹ ਸਿੱਖ ਦਾ ਮੁੱਢਲਾ ਧਰਮ ਹੈ, ਕਿਉੁਂਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋ ਦਿੱਤਾ ਇੱਕ ਸੰਕਲਪ ਤੇ ਸਿਧਾਂਤ ਹੈ। ਅਕਾਲੀ ਦਲ ਦੇ ਬਾਦਲ ਧੜੇ ਵੱਲੋਂ ਪਾਰਟੀ ਚੋਣਾਂ ਦਾ ਐਲਾਨ ਕਰਨ ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਜਥੇਦਾਰ ਉਮੈਦਪੁਰੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਕੀਤੀ ਗਈ ਭਰਤੀ ਬੋਗਸ ਹੈ ਜਿਸ ਰਾਹੀਂ ਚੁਣੇ ਗਏ ਕਿਸੇ ਵੀ ਅਹੁਦੇਦਾਰ ਨੂੰ ਪੰਥ ਪ੍ਰਵਾਨ ਨਹੀਂ ਕਰੇਗਾ । ਉਹਨਾਂ ਮੀਟਿੰਗ ਵਿੱਚ ਹਾਜ਼ਰ ਸਮੂਹ ਵਰਕਰਾਂ ਨੂੰ 6 ਅਪ੍ਰੈਲ ਨੂੰ ਐਸਐਮ ਪੈਲੇਸ ਰੋਪੜ ਵਿਖੇ ਹੋਣ ਵਾਲੀ ਭਰਤੀ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤੀ ਕੀਤੀ ਜਾ ਸਕੇ। ਮੀਟਿੰਗ ਨੂੰ ਹੋਰਨਾਂ ਤੋਂ ਬਿਨਾਂ ਸਾਬਕਾ ਲੋਕ ਸਭਾ ਮੈਂਬਰ ਬੀਬੀ ਸਤਵਿੰਦਰ ਕੌਰ ਧਾਲੀਵਾਲ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਹਰਬੰਸ ਸਿੰਘ ਕੰਦੋਲਾ ਜਥੇਦਾਰ ਪ੍ਰੀਤਮ ਸਿੰਘ ਸਲੋ ਮਾਜਰਾ ਜਥੇਦਾਰ ਗੁਰਿੰਦਰ ਸਿੰਘ ਗੋਗੀ ਅਜੈਪਾਲ ਸਿੰਘ ਬਰਾੜ ਮਿਸਲ ਸਤਲੁਜ ,ਜੋਰਾ ਸਿੰਘ ਚੱਪੜਚਿੜੀ, ਜਥੇਦਾਰ ਭਜਨ ਸਿੰਘ ਸ਼ੇਰਗਿੱਲ ਜਥੇਦਾਰ ਹਰਿੰਦਰ ਸਿੰਘ ਧਾਂਦਰਾ ਜਥੇਦਾਰ ਅਰਵਿੰਦਰ ਸਿੰਘ ਪੈਂਟਾ ਸੁਖਵਿੰਦਰ ਸਿੰਘ ਮੁੰਡੀਆਂ ਆਦਿ ਨੇ ਵੀ ਸੰਬੋਧਨ ਕੀਤਾ ।
Published on: ਮਾਰਚ 30, 2025 8:48 ਬਾਃ ਦੁਃ