ਕੁੱਲੂ, 30 ਮਾਰਚ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਤੇ ਸੈਰ-ਸਪਾਟਾ ਸਥਾਨ ਮਣੀਕਰਨ ਗੁਰਦੁਆਰਾ ਸਾਹਿਬ ਦੇ ਕੋਲ ਅੱਜ ਐਤਵਾਰ ਸ਼ਾਮ ਕਰੀਬ 4 ਵਜੇ ਤੇਜ਼ ਹਵਾਵਾਂ ਕਾਰਨ ਪਹਾੜੀ ਤੋਂ ਦਰੱਖਤ ਸੜਕ ‘ਤੇ ਡਿੱਗ ਗਏ। ਮਲਬੇ ਹੇਠ ਦੱਬਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਕੁਝ ਲੋਕਾਂ ਦੇ ਅਜੇ ਵੀ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਪ੍ਰਸ਼ਾਸਨ ਅਤੇ ਪੁਲਿਸ ਬਚਾਅ ‘ਚ ਲੱਗੀ ਹੋਈ ਹੈ।
ਜ਼ਮੀਨ ਖਿਸਕਣ ਦੇ ਨਾਲ ਹੀ ਇੱਕ ਵੱਡਾ ਚੀੜ ਦਾ ਦਰੱਖਤ ਵੀ ਸੜਕ ‘ਤੇ ਡਿੱਗ ਗਿਆ। ਸੜਕ ਕਿਨਾਰੇ ਖੜ੍ਹੇ ਤਿੰਨ ਤੋਂ ਚਾਰ ਵਾਹਨ ਵੀ ਇਸ ਦੀ ਲਪੇਟ ਵਿੱਚ ਆ ਗਏ। ਕੁਝ ਲੋਕ ਗੱਡੀਆਂ ਦੇ ਅੰਦਰ ਹੀ ਫਸ ਗਏ। ਗੱਡੀਆਂ ਵਿੱਚ ਬੈਠੇ ਲੋਕ ਵੀ ਜ਼ਖ਼ਮੀ ਹੋਏ ਹਨ। ਜ਼ਖਮੀਆਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ।
ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਗੰਭੀਰ ਜ਼ਖਮੀਆਂ ਨੂੰ ਕੁੱਲੂ ਰੈਫਰ ਕਰ ਦਿੱਤਾ ਗਿਆ ਹੈ। ਸੜਕ ‘ਤੇ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਜਾਰੀ ਹੈ। ਚਸ਼ਮਦੀਦਾਂ ਮੁਤਾਬਕ ਜ਼ਮੀਨ ਖਿਸਕਣ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ।
ਡੀਸੀ ਕੁੱਲੂ ਤੋਰੁਲ ਐਸ ਰਵੀਸ਼ ਨੇ ਦੱਸਿਆ ਕਿ 6 ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਮੌਕੇ ‘ਤੇ ਮੌਜੂਦ ਹੈ, ਰਾਹਤ ਅਤੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ।
Published on: ਮਾਰਚ 30, 2025 6:52 ਬਾਃ ਦੁਃ