ਚੰਡੀਗੜ੍ਹ, 30 ਮਾਰਚ, ਦੇਸ਼ ਕਲਿੱਕ ਬਿਓਰੋ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ 1 ਮਾਰਚ ਤੋਂ 29 ਮਾਰਚ ਤੱਕ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ।
ਲਾਲਜੀਤ ਭੁੱਲਰ ਨੇ ਐਤਵਾਰ ਨੂੰ ਚੰਡੀਗੜ੍ਹ ਪਾਰਟੀ ਦਫਤਰ ਵਿਖੇ ਇਸ ਮੁਹਿੰਮ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪੂਰੇ ਸੂਬੇ ਵਿੱਚ ਇਹ ਮੁਹਿੰਮ ਬੜੀ ਸਫਲਤਾ ਨਾਲ ਚਲਾਈ ਜਾ ਰਹੀ ਹੈ। ਹੁਣ ਤੱਕ ‘ਯੁਧ ਨਸ਼ਿਆਂ ਵਿਰੁੱਧ’ ਤਹਿਤ ਐਨਡੀਪੀਐਸ ਦੀਆਂ 2680 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 4542 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਦੇ ਨਾਲ ਹੀ 164 ਕਿਲੋ ਹੈਰੋਇਨ, 88 ਕਿਲੋ ਅਫੀਮ, 47 ਕਿਲੋ ਗਾਂਜਾ ਅਤੇ 5.84 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਨੇ 8.60 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ, 2053 ਕਿਲੋਗ੍ਰਾਮ ਭੁੱਕੀ, 6.4 ਕਿਲੋਗ੍ਰਾਮ ਚਰਸ, 498 ਬੋਤਲਾਂ ਨਕਲੀ ਸ਼ਰਾਬ, ਕਰੀਬ 9.5 ਕਿਲੋ ਨਸ਼ੀਲਾ ਪਾਊਡਰ ਅਤੇ 514 ਟੀਕੇ ਵੀ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਨਸ਼ਾ ਤਸਕਰੀ ਵਿੱਚ ਸ਼ਾਮਲ 50 ਦੇ ਕਰੀਬ ਵਿਅਕਤੀਆਂ ਦੀਆਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ ਹੈ। ਇਨ੍ਹਾਂ ਲੋਕਾਂ ਨੇ ਨਸ਼ੀਲੇ ਪਦਾਰਥਾਂ ਦੇ ਪੈਸੇ ਨਾਲ ਇਹ ਘਰ ਗੈਰ-ਕਾਨੂੰਨੀ ਢੰਗ ਨਾਲ ਬਣਾਏ ਸਨ।
ਇਸ ਤੋਂ ਇਲਾਵਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਨਸ਼ਾ ਤਸਕਰੀ ਨਾਲ ਸਬੰਧਤ 22 ਮੋਟਰਸਾਈਕਲ, 8 ਮੋਬਾਈਲ, 4 ਕਾਰਾਂ ਅਤੇ 12 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਕਾਰਵਾਈ ਦੌਰਾਨ 4 ਕਿਲੋ ਤੋਂ ਵੱਧ ਸੋਨਾ, ਜਿਸ ਵਿੱਚ ਇੱਕ ਹਾਰ ਅਤੇ ਦੋ ਚੇਨਾਂ ਸ਼ਾਮਲ ਸਨ ਅਤੇ 1.25 ਕਿਲੋ ਚਾਂਦੀ ਵੀ ਬਰਾਮਦ ਕੀਤੀ ਗਈ ਹੈ।
ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚੋਂ ਨਸ਼ਾ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨਸ਼ਿਆਂ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਨਸ਼ਾ ਤਸਕਰਾਂ ਨੂੰ ਆਪਣਾ ਕਾਰੋਬਾਰ ਛੱਡਣਾ ਪਵੇਗਾ ਨਹੀਂ ਤਾਂ ਪੰਜਾਬ ਤੋਂ ਬਾਹਰ ਭੱਜਣਾ ਪਵੇਗਾ।
ਮੰਤਰੀ ਲਾਲਜੀਤ ਭੁੱਲਰ ਨੇ ਪੰਜਾਬ ਦੇ ਸਮੂਹ ਪੰਚ-ਸਰਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ, ਨਸ਼ਿਆਂ ਵਿਰੁੱਧ ਆਪਣਾ ਕੰਮ ਜਾਰੀ ਰੱਖੋ। ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਕਿਸਮ ਦੀ ਸਹਾਇਤਾ ਨਾ ਕਰੋ। ਜੇਕਰ ਕੋਈ ਤਸਕਰ ਜਾਂ ਅਪਰਾਧੀ ਤੁਹਾਨੂੰ ਧਮਕੀ ਜਾਂ ਨੁਕਸਾਨ ਪਹੁੰਚਾਉਂਦਾ ਹੈ, ਤਾਂ ਸਰਕਾਰ ਉਸ ਵਿਰੁੱਧ ਸਖ਼ਤ ਕਾਰਵਾਈ ਕਰੇਗੀ।
ਮੰਤਰੀ ਨੇ ਪੰਜਾਬ ਪੁਲਿਸ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਕਾਬਲੀਅਤ, ਕੁਸ਼ਲਤਾ ਅਤੇ ਬਹਾਦਰੀ ਸਦਕਾ ਹੀ ਇਹ ਮੁਹਿੰਮ ਇੰਨੀ ਕਾਮਯਾਬ ਹੋਈ ਹੈ। ਮੈਂ ਇਸ ਲਈ ਪੰਜਾਬ ਪੁਲਿਸ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਪੁਲੀਸ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਕਾਰਵਾਈ ਘੱਟ ਹੋਈ ਹੈ, ਉਨ੍ਹਾਂ ਦੀ ਸਖ਼ਤੀ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਕੋਈ ਵੀ ਨਸ਼ਾ ਤਸਕਰ ਭੱਜ ਨਾ ਸਕੇ।
ਉਨ੍ਹਾਂ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਈ ਲੋਕ ਸਮਾਜਿਕ ਇੱਜ਼ਤ ਅਤੇ ਸ਼ਰਮ ਕਾਰਨ ਇਨ੍ਹਾਂ ਮਾਮਲਿਆਂ ਨੂੰ ਲੁਕਾਉਂਦੇ ਹਨ। ਜੇਕਰ ਕਿਸੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਜਾਵੇ ਤਾਂ ਉਸ ਨੂੰ ਦਿਲ ਦਾ ਦੌਰਾ ਹੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮੈਂ ਸਾਰੇ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਕਿ ਲੁਕੋ ਨਾ, ਖੁੱਲ੍ਹ ਕੇ ਸਾਹਮਣੇ ਆ ਕੇ ਸੱਚ ਬੋਲੋ। ਸਰਕਾਰ ਹਰ ਤਰ੍ਹਾਂ ਨਾਲ ਤੁਹਾਡਾ ਸਾਥ ਦੇਵੇਗੀ।
Published on: ਮਾਰਚ 30, 2025 8:52 ਬਾਃ ਦੁਃ