ਲੁਧਿਆਣਾ, 1 ਅਪ੍ਰੈਲ, ਦੇਸ਼ ਕਲਿਕ ਬਿਊਰੋ :
Ladhowal Toll Plaza: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਵਿਖੇ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਪ੍ਰਧਾਨ ਦੱਸਣ ਵਾਲੇ ਵਿਅਕਤੀ ਨੇ ਖੂਬ ਹੰਗਾਮਾ ਕੀਤਾ। ਟੋਲ ਪਲਾਜ਼ਾ ‘ਤੇ ਡਿਊਟੀ ਕਰ ਰਹੀ ਮਹਿਲਾ ਨੇ ਉਸ ‘ਤੇ ਬਦਸਲੂਕੀ ਕਰਨ ਅਤੇ ਹੱਥੋਪਾਈ ਕਰਨ ਦਾ ਦੋਸ਼ ਲਗਾਇਆ ਹੈ।
ਟੋਲ ਕਰਮਚਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸ਼ਿਵ ਸੈਨਾ ਦਾ ਪ੍ਰਧਾਨ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਵਲੋਂ ਧੱਕੇ ਨਾਲ ਟੋਲ ਬੈਰੀਅਰ ਪਾਰ ਕਰਦੇ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਟੋਲ ਮੁਲਾਜ਼ਮ ਲੜਕੀ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਆਪਣਾ ਕਾਰਡ ਦਿਖਾ ਕੇ ਟੋਲ ਅਦਾ ਕੀਤੇ ਬਿਨਾਂ ਗੱਡੀ ਲੰਘਾਉਣ ਲਈ ਕਹਿ ਰਿਹਾ ਸੀ। ਜਦੋਂ ਉਸ ਨੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਦਿਸ਼ਾ-ਨਿਰਦੇਸ਼ ਅਨੁਸਾਰ ਉਹ ਟੋਲ ਅਦਾ ਕੀਤੇ ਬਿਨਾਂ ਨਹੀਂ ਜਾ ਸਕਦੇ ਤਾਂ ਸ਼ਿਵ ਸੈਨਾ ਆਗੂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਲੜਕੀ ਨੇ ਦੱਸਿਆ ਕਿ ਜਦੋਂ ਉਸ ਨੇ ਪੈਸੇ ਮੰਗੇ ਤਾਂ ਮੁਲਜ਼ਮ ਨੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਲੜਕੀ ਨੇ ਕਿਹਾ ਕਿ ਸ਼ਿਵ ਸੈਨਾ ਆਗੂ ਬੈਰੀਕੇਡ ਨੂੰ ਪਾਸੇ ਕਰਕੇ ਅਤੇ ਬਿਨਾਂ ਪੈਸੇ ਦਿੱਤੇ ਉਥੋਂ ਭੱਜ ਗਿਆ। ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਟੋਲ ਪਲਾਜ਼ਾ ਅਧਿਕਾਰੀ ਦਪਿੰਦਰ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਸ਼ਿਵ ਸੈਨਾ ਆਗੂ ਖ਼ਿਲਾਫ਼ ਬਣਦੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਸਟਾਫ ਨਾਲ ਗੁੰਡਾਗਰਦੀ ਕਰਨਾ ਨਿੰਦਣਯੋਗ ਹੈ।
Published on: ਅਪ੍ਰੈਲ 1, 2025 2:07 ਬਾਃ ਦੁਃ