ਰਾਂਚੀ, 1 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਝਾਰਖੰਡ ਦੇ ਸਾਹਿਬਗੰਜ ‘ਚ ਦੋ ਰੇਲਗੱਡੀਆਂ ਦੀ ਸਿੱਧੀ ਟੱਕਰ ਹੋ ਗਈ ਹੈ। ਇਹ ਹਾਦਸਾ ਸੋਮਵਾਰ ਦੇਰ ਰਾਤ 3 ਵਜੇ ਵਾਪਰਿਆ। ਇਸ ਹਾਦਸੇ ਵਿੱਚ ਦੋ ਲੋਕੋ ਪਾਇਲਟਾਂ ਦੀ ਮੌਤ ਹੋ ਗਈ ਹੈ। ਸੁਰੱਖਿਆ ਵਿੱਚ ਲੱਗੇ ਸੀਆਈਐਸਐਫ ਦੇ ਚਾਰ ਜਵਾਨ ਜ਼ਖ਼ਮੀ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਕ ਮਾਲ ਗੱਡੀ ਪਟੜੀ ‘ਤੇ ਖੜ੍ਹੀ ਸੀ। ਇਸੇ ਦੌਰਾਨ ਇਕ ਹੋਰ ਮਾਲ ਗੱਡੀ ਉਸੇ ਟ੍ਰੈਕ ‘ਤੇ ਆ ਗਈ। ਇਸ ਕਾਰਨ ਦੋਵੇਂ ਟਰੇਨਾਂ ਵਿਚਾਲੇ ਸਿੱਧੀ ਟੱਕਰ ਹੋ ਗਈ।
ਹਾਦਸੇ ਵਿੱਚ ਮਰਨ ਵਾਲੇ ਦੋ ਲੋਕੋ ਪਾਇਲਟਾਂ ਵਿੱਚੋਂ ਅੰਬੂਜ ਮਹਤੋ ਬੋਕਾਰੋ ਦਾ ਰਹਿਣ ਵਾਲਾ ਸੀ। ਜਦ ਕਿ ਬੀ.ਐਸ ਮੱਲ ਬੰਗਾਲ ਦਾ ਰਹਿਣ ਵਾਲਾ ਸੀ। ਜ਼ਖਮੀਆਂ ਦਾ ਬਰ੍ਹੇਟ ਸਦਰ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਟੱਕਰ ਤੋਂ ਬਾਅਦ ਕੋਲੇ ਨਾਲ ਭਰੀ ਮਾਲ ਗੱਡੀ ਨੂੰ ਅੱਗ ਲੱਗ ਗਈ। ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
Published on: ਅਪ੍ਰੈਲ 1, 2025 9:26 ਪੂਃ ਦੁਃ