ਪੰਜਾਬ ਪੁਲਿਸ ਨੇ ਪਾਕਿ-ISI ਨਾਲ ਸਬੰਧਤ ਕਾਰਕੁੰਨ ਨੂੰ ਗ੍ਰਿਫ਼ਤਾਰ ਕਰਕੇ ਸੰਭਾਵੀ ਅੱਤਵਾਦੀ ਹਮਲੇ ਨੂੰ ਕੀਤਾ ਨਾਕਾਮ; ਹੈਂਡ ਗ੍ਰੇਨੇਡ ਬਰਾਮਦ

ਪੰਜਾਬ

ਚੰਡੀਗੜ੍ਹ/ਅੰਮ੍ਰਿਤਸਰ, 1 ਅਪ੍ਰੈਲ: ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਏਜੰਸੀ ਨਾਲ ਸਬੰਧਤ ਇੱਕ ਕਾਰਕੁੰਨ ਨੂੰ ਹੈਂਡ ਗ੍ਰੇਨੇਡ ਸਮੇਤ ਗ੍ਰਿਫ਼ਤਾਰ ਕਰਕੇ ਸੂਬੇ ਵਿੱਚ ਸੰਭਾਵੀ ਅੱਤਵਾਦੀ ਹਮਲੇ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜੈਵੀਰ ਤਿਆਗੀ ਉਰਫ਼ ਜਾਵੇਦ ਵਾਸੀ ਪਿੰਡ ਬਰੋਲੀ, ਸਹਾਰਨਪੁਰ, ਉੱਤਰ ਪ੍ਰਦੇਸ਼ (ਯੂਪੀ) ਵਜੋਂ ਹੋਈ ਹੈ। ਉਹ ਮੌਜੂਦਾ ਸਮੇਂ ਲੁਧਿਆਣਾ ਵਿਖੇ ਰਹਿ ਰਿਹਾ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀਆਈ ਅੰਮ੍ਰਿਤਸਰ ਦੀਆਂ ਟੀਮਾਂ ਨੂੰ ਵਿਦੇਸ਼ ਆਧਾਰਤ ਵਿਅਕਤੀ ਸਹਿਲਾਮ, ਜੋ ਕਿ ਪਾਕਿ-ਆਈਐਸਆਈ ਏਜੰਸੀ ਲਈ ਕੰਮ ਕਰਦਾ ਹੈ ਅਤੇ ਉਸਦੇ ਚਚੇਰੇ ਭਰਾ ਜੈਵੀਰ ਤਿਆਗੀ ਵੱਲੋਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਅੱਤਵਾਦੀ ਹਮਲਿਆਂ ਰਾਹੀਂ ਸਰਕਾਰੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚਣ ਬਾਰੇ ਸੂਹ ਮਿਲੀ ਸੀ।  

ਸੂਹ ਤੋਂ ਇਹ ਵੀ ਖੁਲਾਸਾ ਹੋਇਆ ਕਿ ਜੈਵੀਰ ਤਿਆਗੀ ਨੇ ਅੰਮ੍ਰਿਤਸਰ ਦੇ ਇਲਾਕੇ ਤੋਂ ਹੈਂਡ ਗ੍ਰਨੇਡ ਦੀ ਖੇਪ ਵੀ ਪ੍ਰਾਪਤ ਕੀਤੀ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਉਹ, ਅੰਮ੍ਰਿਤਸਰ ਦੇ ਤਾਰਾਂ ਵਾਲਾ ਪੁਲ ਨੇੜੇ ਆਪਣੇ ਹੋਰ ਸਾਥੀਆਂ ਦੀ ਉਡੀਕ ਕਰ ਰਿਹਾ ਹੈ।  ਉਨ੍ਹਾਂ ਅੱਗੇ ਕਿਹਾ ਕਿ ਇਸ ਪੁਖ਼ਤਾ ਸੂਹ ’ਤੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ, ਸੀਆਈ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਇੱਕ ਖੁਫੀਆ ਕਾਰਵਾਈ ਤਹਿਤ ਦੋਸ਼ੀ ਜੈਵੀਰ ਤਿਆਗੀ ਨੂੰ ਹੈਂਡ ਗ੍ਰਨੇਡ ਸਮੇਤ ਗ੍ਰਿਫ਼ਤਾਰ ਕਰ ਲਿਆ।

ਡੀਜੀਪੀ ਨੇ ਕਿਹਾ ਕਿ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਦੋਸ਼ੀ ਜੈਵੀਰ ਪਿਛਲੇ 14-15 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਸੀ ਅਤੇ ਏਨਕ੍ਰਿਪਟਡ ਮੈਸੇਜਿੰਗ ਐਪਸ ਰਾਹੀਂ ਸਹਿਲਾਮ ਦੇ ਸੰਪਰਕ ਵਿੱਚ ਸੀ। ਜਾਂਚ ਤੋਂ ਇਹ ਖੁਲਾਸਾ ਵੀ ਹੋਇਆ ਹੈ ਕਿ ਸਹਿਲਾਮ ਦੇ ਨਿਰਦੇਸ਼ਾਂ ’ਤੇ ਹੀ ਦੋਸ਼ੀ ਜੈਵੀਰ ਨੇ ਗ੍ਰਨੇਡ ਪ੍ਰਾਪਤ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਇਸ ਸਬੰਧ ਵਿੱਚ , ਅਸਲਾ ਐਕਟ ਦੀ ਧਾਰਾ 25, ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5, ਅਤੇ ਬੀਐਨਐਸ ਦੀ ਧਾਰਾ 61(2) ਅਤੇ 111  ਤਹਿਤ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿਖੇ ਕੇਸ ਦਰਜ ਕੀਤਾ ਗਿਆ ਹੈ।

Published on: ਅਪ੍ਰੈਲ 1, 2025 8:28 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।