ਪਟਿਆਲਾ: 1 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਮਰਹੂਮ ਜੱਥੇਦਾਰ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਆਪਣੇ ਮਹਿਬੂਬ ਆਗੂ ਨੂੰ ਵੱਡੀ ਗਿਣਤੀ ਵਿੱਚ ਸੰਗਤ ਨੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਖਾਸ ਤੌਰ ਤੇ ਪਹੁੰਚੇ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ, ਜੱਥੇਦਾਰ ਟੌਹੜਾ ਸਾਹਿਬ ਹਮੇਸ਼ਾ ਪੰਥ ਅਤੇ ਪੰਜਾਬ ਦੇ ਮੁੱਦਈ ਰਹੇ। ਆਧੁਨਿਕ ਪੰਜਾਬ ਦੇ ਜਨਮਦਾਤਾ ਦਾ ਕਰਾਰ ਦਿੰਦਿਆਂ ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਟੌਹੜਾ ਸਾਹਿਬ ਨੇ ਅਜਿਹੇ ਮੌਕੇ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕੀਤਾ, ਜਦੋਂ ਪੰਜਾਬ ਨੂੰ ਹਰ ਪਾਸੇ ਲਾਂਬੂ ਲਗਾਇਆ ਜਾ ਰਿਹਾ ਸੀ।
ਜੱਥੇਦਾਰ ਉਮੈਦਪੁਰੀ ਨੇ ਸ਼ਰਧਾਂਜਲੀ ਦੇਣ ਆਏ ਬੀਜੇਪੀ ਆਗੂਆਂ ਨੂੰ ਕਿਹਾ, ਜੱਥੇਦਾਰ ਟੌਹੜਾ ਨੂੰ ਅਸਲ ਸ਼ਰਧਾਂਜਲੀ ਪੰਜਾਬ ਦੇ ਮੁੱਦਿਆਂ ਦਾ ਹੱਲ ਹੈ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ, ਬੰਦੀ ਸਿੰਘਾਂ ਦੀ ਰਿਹਾਈ, ਪਾਣੀਆਂ ਦਾ ਮੁੱਦਾ ਹੱਲ ਕੀਤਾ ਜਾਵੇ, ਰਾਜਧਾਨੀ ਦਾ ਮੁੱਦਾ ਹੱਲ ਹੋਵੇ, ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਵਿੱਤੀ ਪੈਕਜ ਦਿੱਤਾ ਜਾਵੇ, ਬੀਬੀਐੱਮਬੀ ਵਿੱਚ ਸੂਬੇ ਦੀ ਭਾਗੀਦਾਰੀ ਮਜ਼ਬੂਤ ਕੀਤੀ ਜਾਵੇ,ਚਰਾਸੀ ਵਰਗੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਫਾਸਟ ਟਰੈਕ ਕੋਰਟ ਬਣਾਕੇ ਸਜਾਵਾਂ ਦਿੱਤੀਆਂ ਜਾਣ, ਵਾਰ ਵਾਰ NSA ਵਰਗੇ ਕਾਨੂੰਨਾਂ ਦੀ ਦੁਰਵਰਤੋ ਹੇਠ ਗ੍ਰਿਫਤਾਰ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ।
ਜੱਥੇਦਾਰ ਉਮੈਦਪੁਰੀ ਨੇ ਟੌਹੜਾ ਸਾਹਿਬ ਨੂੰ ਯਾਦ ਕਰਦਿਆਂ ਕਿਹਾ ਕਿ ਹਿੰਦੂ ਸਿੱਖ ਏਕਤਾ ਦੀ ਗੱਲ ਨਾ ਸਿਰਫ ਮਜ਼ਬੂਤੀ ਨਾਲ ਰੱਖੀ, ਸਗੋ ਇਸ ਤੇ ਮਜ਼ਬੂਤੀ ਨਾਲ ਪਹਿਰਾ ਵੀ ਦਿੱਤਾ। ਜੱਥੇਦਾਰ ਟੌਹੜਾ ਦੀਆਂ ਕੋਸ਼ਿਸ਼ਾਂ ਸਦਕਾ ਜਿੱਥੇ ਪੰਜਾਬ ਵਿੱਚ ਮੁੜ ਸਮਾਜਿਕ ਤਾਣਾ ਬਾਣਾ ਮਜ਼ਬੂਤ ਹੋਇਆ ਉਥੇ ਹੀ ਪੰਜਾਬ ਨੇ ਆਰਥਿਕ ਲੀਹ ਨੂੰ ਮਜ਼ਬੂਤ ਕੀਤਾ।ਜੱਥੇਦਾਰ ਉਮੈਦਪੁਰੀ ਨੌਜਵਾਨੀ ਨੂੰ ਜੱਥੇਦਾਰ ਟੌਹੜਾ ਤੋ ਸੇਧ ਲੈਣ ਲਈ ਕਹਿੰਦੇ ਕਿਹਾ ਕਿ, ਓਹਨਾ ਦੇ ਸਿਦਕ ਅਤੇ ਮਿਹਨਤ ਦੇ ਨਕਸ਼ੇ ਕਦਮ ਤੇ ਚਲ ਕੇ ਵੱਡੀ ਤੋ ਵੱਡੀ ਮੰਜਿਲ ਨੂੰ ਸਰ ਕੀਤਾ ਜਾ ਸਕਦਾ ਹੈ।
Published on: ਅਪ੍ਰੈਲ 1, 2025 9:30 ਬਾਃ ਦੁਃ