ਫਤਹਿਗੜ੍ਹ ਸਾਹਿਬ, 2 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਫਤਹਿਗੜ੍ਹ ਸਾਹਿਬ ਦੇ ਪਿੰਡ ਤਲਾਣੀਆ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿੱਚ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬੀ ਵਿਸ਼ੇ ਦੀ ਅਧਿਆਪਕਾ ਸੀਮਾ ਦੀ ਬਦਲੀ ਤੋਂ ਲੋਕ ਨਾਰਾਜ਼ ਹਨ। ਕੌਂਸਲਰ ਅਤੇ ਇਲਾਕੇ ਦੇ ਲੋਕਾਂ ਨੇ ਸਕੂਲ ਵਿੱਚ ਧਰਨਾ ਦਿੱਤਾ। ਸੀਮਾ ਪਿਛਲੇ 20 ਸਾਲਾਂ ਤੋਂ ਇਸੇ ਸਕੂਲ ਵਿੱਚ ਪੜ੍ਹਾ ਰਹੀ ਸੀ। ਉਸ ਦੀ ਬਦਲੀ ਤੋਂ ਬਾਅਦ ਕਈ ਵਿਦਿਆਰਥੀ ਸਕੂਲ ਨਹੀਂ ਆ ਰਹੇ ਹਨ।
ਧਰਨਾਕਾਰੀਆਂ ਨੇ ਅਧਿਆਪਕਾ ਨੂੰ ਇਸ ਸਕੂਲ ਵਿੱਚ ਵਾਪਸ ਭੇਜਣ ਦੀ ਮੰਗ ਕੀਤੀ ਹੈ। ਨਾਲ ਹੀ ਸਕੂਲ ਮੁਖੀ ਨੂੰ ਬਦਲਣ ਦੀ ਮੰਗ ਵੀ ਉਠਾਈ ਹੈ। ਕੌਂਸਲਰ ਵਿਸਾਖੀ ਰਾਮ ਨੇ ਕਿਹਾ ਕਿ ਅਧਿਆਪਕਾ ਸੀਮਾ ਦਾ ਕੰਮ ਸ਼ਲਾਘਾਯੋਗ ਰਿਹਾ ਹੈ। ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਸਨ। ਉਨ੍ਹਾਂ ਦਾ ਬਿਨਾਂ ਕਿਸੇ ਕਾਰਨ ਨਵੇਂ ਸੈਸ਼ਨ ਤੋਂ ਤਬਾਦਲਾ ਕਰ ਦਿੱਤਾ ਗਿਆ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਧਿਆਪਕਾ ਨੂੰ ਵਾਪਸ ਨਾ ਭੇਜਿਆ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਸਕੂਲ ਦੀ ਮੁੱਖ ਅਧਿਆਪਕਾ ਰਾਜਪਾਲ ਕੌਰ ਅਨੁਸਾਰ ਸੀਮਾ ਦਾ DEO ਦਫ਼ਤਰ ਤੋਂ ਤਬਾਦਲਾ ਕੀਤਾ ਗਿਆ ਹੈ, ਇਹ ਆਰਜ਼ੀ ਤਬਾਦਲਾ ਹੈ। ਇੱਕ ਹੋਰ ਅਧਿਆਪਕ ਭੇਜਿਆ ਗਿਆ ਹੈ ਤਾਂ ਜੋ ਦਾਖਲੇ ਪ੍ਰਭਾਵਿਤ ਨਾ ਹੋਣ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੀ ਮੰਗ ਨੂੰ DEO ਦਫ਼ਤਰ ਅੱਗੇ ਰੱਖਿਆ ਜਾਵੇਗਾ।
Published on: ਅਪ੍ਰੈਲ 2, 2025 1:06 ਬਾਃ ਦੁਃ