ਵਿਭਾਗੀ ਮੰਤਰੀ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਕੰਮ ਨੂੰ ਘਟਾ ਕੇ ਵੇਖਣਾ ਅਤੀ ਨਿੰਦਣਯੋਗ : ਮਨਦੀਪ ਕੁਮਾਰੀ
ਸੰਗਰੂਰ, 3 ਅਪ੍ਰੈਲ, ਦੇਸ਼ ਕਲਿੱਕ ਬਿਓਰੋ ;
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਵੱਖ-ਵੱਖ ਬਲਾਕਾਂ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਬਜਟ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਹੁੰਦੇ ਹੋਏ ਸਟੇਟ ਆਗੂ ਅਤੇ ਬਲਾਕ ਪ੍ਰਧਾਨ ਮਨਦੀਪ ਕੁਮਾਰੀ ਸੀਟੂ ਦੇ ਜਿਲ੍ਹਾ ਸੈਕਟਰੀ ਇੰਦਰਪਾਲ ਪੁੱਨਾਵਾਲ ਨੇ ਕਿਹਾ ਕਿ ਪੰਜਾਬ ਦੀ ਸੀਟੂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਨਾਮ ਨਾਲ ਆਈ ਸੀ। ਪਰ ਪੇਸ਼ ਕੀਤਾ ਗਿਆ ਬਜਟ ਆਮ ਆਦਮੀ ਵਾਲਾ ਨਹੀਂ ਹੈ ।
ਉਹਨਾਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੁਝ ਗਰੰਟੀਆਂ ਕੀਤੀਆਂ ਸਨ। ਜਿਸ ਵਿੱਚ ਆਂਗਣਵਾੜੀ ਵਰਕਰ ਹੈਲਪਰ ਦੇ ਮਾਣ ਭੱਤੇ ਨੂੰ ਦੁਗਣਾ ਕਰਨਾ ਵੀ ਸ਼ਾਮਿਲ ਸੀ। ਪਰ ਵਿਭਾਗੀ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਭਰੇ ਸਦਨ ਵਿੱਚ ਆਂਗਣਵਾੜੀ ਵਰਕਰਾਂ ਦੇ ਕੰਮ ਦੇ ਘੰਟੇ ਘਟਾ ਕੇ ਪੇਸ਼ ਕਰਨੇ ਬਹੁਤ ਹੀ ਨਿੰਦਣਯੋਗ ਗੱਲ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸਵੇਰ ਤੋਂ ਲੈ ਕੇ ਸੌਣ ਤੱਕ ਤਰ੍ਹਾਂ ਤਰ੍ਹਾਂ ਦੀਆਂ ਰਿਪੋਰਟਾਂ ਦਿਨ ਭਰ ਮੰਗੀਆਂ ਜਾਂਦੀਆਂ ਹਨ। ਕਦੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਕਦੇ ਬਾਲ ਵਿਕਾਸ ਅਤੇ ਇਸਤਰੀ ਸੁਰੱਖਿਆ ਨਾਲ ਸੰਬੰਧਿਤ ਅਸੀਂ ਮਾਨਯੋਗ ਮੰਤਰੀ ਸਾਹਿਬਾਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅੱਜ ਤੋਂ ਚਾਰ ਘੰਟੇ ਹੀ ਕੰਮ ਕਰਾਂਗੇ ਅਤੇ ਚਾਰ ਘੰਟੇ ਬਾਅਦ ਵਿਭਾਗ ਦਾ ਕੋਈ ਵੀ ਅਧਿਕਾਰੀ ਰਿਪੋਰਟ ਨਹੀਂ ਮੰਗੇਗਾ ਕਿਉਂਕਿ ਸਾਨੂੰ ਮਾਣਭੱਤਾ ਚਾਰ ਘੰਟੇ ਦੇ ਕੰਮ ਦਾ ਦਿੱਤਾ ਜਾ ਰਿਹਾ ਹੈ।
ਮੰਤਰੀ ਸਾਹਿਬਾਨ ਵੱਲੋਂ ਇੱਕ ਗੱਲ ਨੂੰ ਅੱਖੋਂ ਭਰੋਖੇ ਰੱਖਿਆ ਗਿਆ ਕਿ ਮਾਨਯੋਗ ਸੁਪਰੀਮ ਕੋਰਟ ਜੀ ਵੱਲੋਂ ਆਦੇਸ਼ ਜਾਰੀ ਹੈ ਕਿ ਘੱਟੋ ਘੱਟ ਉਜਰਤ ਆਂਗਨਵਾੜੀ ਵਰਕਰ-ਹੈਲਪਰ ਨੂੰ ਦਿੱਤੀ ਜਾਵੇ ਪੰਜਾਹ ਵਰੇ ਸਕੀਮ ਪੂਰੇ ਕਰਨ ਜਾ ਰਹੀ ਹੈ। 50 ਵਰ੍ਹੇ ਕੰਮ ਕਰਕੇ ਵੀ ਵਰਕਰ ਹੈਲਪਰ ਮਾਣਭੱਤੇ ਤੇ ਹਨ । ਇਸ ਤੋਂ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ । ਇੱਕ ਪਾਸੇ ਨਾਰੀ ਸਸ਼ਕਤੀਕਰਨ ਦੇ ਗੱਲ ਕੀਤੀ ਜਾਂਦੀ ਹੈ । ਪਰ ਜਿਹੜੀਆਂ ਨਾਰੀਆਂ ਕੁੱਖ ਤੋਂ ਬਾਲ ਸੰਭਾਲਣ ਦੀ, ਸਿਹਤ ਸੰਭਾਲ, ਅਧਿਆਪਕ ਦੀ ਕੋਆਰਡੀਨੇਟਰ ਦੀ ਗ੍ਰਾਮ ਸੇਵਿਕਾ ਦੇ ਰੂਪ ਵਿੱਚ ਮਲਟੀਪਲ ਸੇਵਾਵਾਂ ਨਿਭਾ ਰਹੀਆਂ ਹਨ ।ਉਹਨਾਂ ਨਾਰੀਆਂ ਨੂੰ ਅੱਜ ਵੀ ਮਾਣਭੱਤੇ ਤੇ ਕੰਮ ਕਰਨਾ ਪੈ ਰਿਹਾ ਹੈ । 24 ਘੰਟੇ ਡਿਊਟੀ ਵਿੱਚ ਹਾਜ਼ਰ ਰਹਿਣ ਵਾਲਿਆਂ ਨੂੰ ਚਾਰ ਘੰਟੇ ਕਹਿ ਕੇ ਉਹਨਾਂ ਦੇ ਕੰਮ ਨੂੰ ਛੋਟਾ ਅੰਕਣਾ ਵਿਭਾਗੀ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ । ਇਸ ਨੂੰ ਲੈ ਕੇ ਆਂਗਣਵਾੜੀ ਵਰਕਰ ਹੈਲਪਰ ਵਿੱਚ ਤਿੱਖਾ ਰੋਸ ਹੈ ਅਤੇ ਇਸ ਰੋਸ ਦਾ ਪ੍ਰਗਟਾਵਾ ਬਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਗਿਆ ਧਰਨੇ ਵਿੱਚ ਸ਼ਾਮਲ ਗੁਰਪ੍ਰੀਤ ਕੌਰ ਲੌਂਗੋਵਾਲ, ਰੁਪਿੰਦਰ ਕੌਰ ਲਿੱਦੜਾਂ, ਸਰਬਜੀਤ ਕੌਰ ਈਲਵਾਲ, ਗੀਤਾ ਰਾਣੀ ਉਭਾਵਾਲ, ਰਾਖੀ ਸ਼ਰਮਾ ਉਬਾਵਾਲ, ਮੀਨਾਕਸੀ ਕਾਲੜਾ ਸੰਗਰੂਰ, ਦਰਸ਼ਨਾ ਕੌਰ ।
Published on: ਅਪ੍ਰੈਲ 3, 2025 5:50 ਬਾਃ ਦੁਃ