ਲੁਧਿਆਣਾ, 5 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਪੱਛਮੀ ਵਿੱਚ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ ਜਲਦੀ ਹੀ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਕਾਂਗਰਸ ਹਾਈਕਮਾਂਡ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਹਲਕਾ ਪੱਛਮੀ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਏਆਈਸੀਸੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸ਼ੁੱਕਰਵਾਰ ਰਾਤ ਨੂੰ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ।
ਬੇਸ਼ੱਕ ਕਾਂਗਰਸ ਹਾਈਕਮਾਂਡ ਵੱਲੋਂ ਆਸ਼ੂ ਨੂੰ ਟਿਕਟ ਦਿੱਤੀ ਗਈ ਹੈ ਪਰ ਆਸ਼ੂ ਦਾ ਰਾਹ ਇੰਨਾ ਆਸਾਨ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਮੌਜੂਦਾ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸਿਆਸੀ ਮਤਭੇਦ ਹਨ।
ਆਸ਼ੂ ਲੋਕ ਸਭਾ ਚੋਣਾਂ ‘ਚ ਲੁਧਿਆਣਾ ਸੀਟ ਤੋਂ ਮਜ਼ਬੂਤ ਦਾਅਵੇਦਾਰ ਸਨ ਪਰ ਵੜਿੰਗ ਨੂੰ ਸੀਟ ਮਿਲਣ ਕਾਰਨ ਦੋਵਾਂ ਵਿਚਾਲੇ ਖਹਿਬਾਜ਼ੀ ਪੈਦਾ ਹੋ ਗਈ ਸੀ। ਆਸ਼ੂ ਵੜਿੰਗ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ‘ਚ ਕੁਝ ਦਿਨ ਉਨ੍ਹਾਂ ਨਾਲ ਗਏ ਪਰ ਫਿਰ ਆਸ਼ੂ ਸ਼ਾਂਤ ਹੋ ਗਏ। ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਵੜਿੰਗ ਨੇ ਕਈ ਪ੍ਰੈੱਸ ਕਾਨਫਰੰਸਾਂ ਵੀ ਕੀਤੀਆਂ ਪਰ ਆਸ਼ੂ ਇਨ੍ਹਾਂ ਸਾਰੀਆਂ ‘ਚ ਗੈਰ-ਹਾਜ਼ਰ ਰਹੇ।
Published on: ਅਪ੍ਰੈਲ 5, 2025 7:09 ਪੂਃ ਦੁਃ