ਦਲਜੀਤ ਕੌਰ
ਚੰਡੀਗੜ੍ਹ, 5 ਮਾਰਚ, 2025: ਬਹੁਚਰਚਿਤ ਆਦਰਸ਼ ਸਕੂਲ ਚਾਉਕੇ ਦੀ ਭ੍ਰਿਸ਼ਟ ਮੈਨੇਜਮੈਂਟ ਵੱਲੋਂ ਨੌਕਰੀਓਂ ਕੱਢੀਆਂ ਅਧਿਆਪਕਾਵਾਂ ਨੂੰ ਬਹਾਲ ਕਰਨ ਅਤੇ ਸਕੂਲ ਨੂੰ ਸਰਕਾਰੀ ਹੱਥਾਂ ਵਿੱਚ ਲੈਣ ਵਰਗੀਆਂ ਹੱਕੀ ਮੰਗਾਂ ਲਈ ਲੰਬੇ ਸਮੇਂ ਤੋਂ ਸਕੂਲ ਅੱਗੇ ਸ਼ਾਂਤਮਈ ਧਰਨਾ ਦੇ ਰਹੀਆਂ ਪੀੜਤ ਅਧਿਆਪਕਾਵਾਂ ਸਮੇਤ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਨਸਾਫਪਸੰਦ ਲੋਕਾਂ ਨੂੰ ਦੂਜੀ ਵਾਰ ਪੁਲਸੀ ਕੁੱਟਮਾਰ ਦਾ ਸ਼ਿਕਾਰ ਬਣਾ ਕੇ ਅੱਜ ਤੜਕਸਾਰ ਕਈਆਂ ਨੂੰ ਗ੍ਰਿਫਤਾਰ ਕਰਨ ਦੀ ਜਾਬਰ ਕਾਰਵਾਈ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ।
ਇਸ ਸਬੰਧੀ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਜਾਬਰ ਕਾਰਵਾਈ ਦਾ ਦੋਸ਼ੀ ਠਹਿਰਾਇਆ ਹੈ ਕਿਉਂਕਿ ਸਕੂਲ ਦੀ ਪ੍ਰਬੰਧਕੀ ਕਮੇਟੀ ਦਾ ਚੇਅਰਮੈਨ ਹੋਣ ਦੇ ਬਾਵਜੂਦ ਉਨ੍ਹਾਂ ਨੇ ਸ਼ਾਂਤਮਈ ਸੰਘਰਸ਼ ਕਰ ਰਹੀਆਂ ਪੀੜਤ ਅਧਿਆਪਕਾਵਾਂ ਤੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਲਟਾ ਪੁਲੀਸ ਜਬਰ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਤਾਨਾਸ਼ਾਹ ਪ੍ਰਬੰਧਕੀ ਕਮੇਟੀ ਵੱਲੋਂ ਸਕੂਲ ਦਾ ਮਾਹੌਲ ਖਰਾਬ ਕਰਨ ਦਾ ਮਾਰੂ ਅਸਰ ਵਿਦਿਆਰਥੀਆਂ ਦੀ ਪੜ੍ਹਾਈ ਉੱਤੇ ਪੈ ਰਿਹਾ ਹੈ, ਜਿਹੜੇ ਜ਼ਿਆਦਾਤਰ ਆਮ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀ ਕਾਮਿਆਂ ਦੇ ਬੱਚੇ ਹਨ। ਇਸ ਲਈ ਜਥੇਬੰਦੀ ਵੱਲੋਂ ਹੱਕੀ ਸੰਘਰਸ਼ ਕਰ ਰਹੀਆਂ ਪੀੜਤ ਅਧਿਆਪਕਾਵਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੇ ਘੋਲ਼ ਦੀ ਡਟਵੀਂ ਹਮਾਇਤ ਜਾਰੀ ਰੱਖੀ ਜਾਵੇਗੀ। ਉਨ੍ਹਾਂ ਨੇ ਪ੍ਰਭਾਵਿਤ ਮਾਪਿਆਂ ਤੇ ਵਿਦਿਆਰਥੀਆਂ ਸਮੇਤ ਪੰਜਾਬ ਦੇ ਸਮੂਹ ਇਨਸਾਫਪਸੰਦ ਲੋਕਾਂ ਨੂੰ ਇਸ ਧੱਕੇਸ਼ਾਹੀ ਵਿਰੁੱਧ ਸਾਂਝੇ ਜਨਤਕ ਸੰਘਰਸ਼ ਵਿੱਚ ਪ੍ਰਵਾਰਾਂ ਸਮੇਤ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
Published on: ਅਪ੍ਰੈਲ 5, 2025 8:22 ਬਾਃ ਦੁਃ