ਲੁਧਿਆਣਾ, 6 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਪੱਛਮੀ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ ਜਲਦੀ ਹੀ ਹੋਣ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਇਸ ਚੋਣ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਕਾਂਗਰਸ ਵੱਲੋਂ ਚੋਣ ਲੜ ਰਹੇ ਹਨ। ਅਕਾਲੀ ਦਲ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਇਸ ਦੌਰਾਨ ਭਾਜਪਾ ਵਾਲੇ ਪਾਸੇ ਤੋਂ ਪਾਲੀਵੁੱਡ ਅਦਾਕਾਰ ਤੇ ਭਾਜਪਾ ਆਗੂ ਕਮਲਦੀਪ ਸਿੰਘ ਉਰਫ ਹੌਬੀ ਧਾਲੀਵਾਲ ਦੇ ਨਾਂ ਦੀ ਚਰਚਾ ਸ਼ੁਰੂ ਹੋ ਗਈ ਹੈ।
ਅਦਾਕਾਰ ਨੇ ਲੋਕ ਸਭਾ ਚੋਣਾਂ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ। ਹੋਬੀ ਧਾਲੀਵਾਲ ਭਾਜਪਾ ਵਿੱਚ ਸਰਗਰਮ ਆਗੂ ਹਨ। ਹਾਲ ਹੀ ਵਿੱਚ ਧਾਲੀਵਾਲ ਵੈਸਟ ਸੀਟ ਦੇ ਚੋਣ ਅਬਜ਼ਰਵਰ ਨਰਿੰਦਰ ਸਿੰਘ ਰੈਨਾ ਨੂੰ ਵੀ ਮਿਲੇ ਹਨ।
ਕਮਲਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੋਣ ਲੜਨ ਦਾ ਦਾਅਵਾ ਪੇਸ਼ ਕੀਤਾ ਹੈ। ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਜ਼ਰੂਰ ਚੋਣ ਲੜਨਗੇ। ਧਾਲੀਵਾਲ ਅਨੁਸਾਰ ਉਹ ਦੇਸ਼ ਵਿੱਚ ਜਿੱਥੇ ਵੀ ਪਾਰਟੀ ਉਨ੍ਹਾਂ ਨੂੰ ਚੋਣ ਲੜਨ ਲਈ ਕਹੇਗੀ, ਉੱਥੋਂ ਚੋਣ ਲੜਨ ਲਈ ਤਿਆਰ ਹਨ।
Published on: ਅਪ੍ਰੈਲ 6, 2025 11:14 ਪੂਃ ਦੁਃ