ਚੰਡੀਗੜ੍ਹ, 6 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੇਵਾ ਮੁਕਤ ਜੱਜ ਰਣਜੀਤ ਸਿੰਘ ਤੋਂ ਮੁਆਫੀ ਮੰਗ ਲਈ ਹੈ। ਮੁਆਫੀ ਮੰਗਣ ਤੋਂ ਬਾਅਦ ਸੁਪਰੀਮ ਕੋਰਟ ਨੇ 2 ਅਪ੍ਰੈਲ ਨੂੰ ਜਸਿਟਸ (ਸੇਵਾ ਮੁਕਤ) ਰਣਜੀਤ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ 2017 ਵਿੱਚ ਪੰਜਾਬ ਵਿੱਚ ਹੋਈ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸਬੰਧੀ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਬਣੇ ਕਮਿਸ਼ਨ ਖਿਲਾਫ ਕਥਿਤ ਤੌਰ ਉਤੇ ਟਿੱਪਣੀ ਕੀਤੀ ਗਈ ਸੀ। ਜਿਸ ਤੋਂ ਬਾਅਦ ਰਣਜੀਤ ਸਿੰਘ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ।
ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਜਸਟਿਸ ਰਣਜੀਤ ਸਿੰਘ ਸਾਹਮਣੇ ਖੇਦ ਪ੍ਰਗਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਜਸਟਿਸ ਰਣਜੀਤ ਸਿੰਘ ਸਾਹਮਣੇ ਖੇਦ ਪ੍ਰਗਟ ਕਰਨ ਦਾ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਮਾਮਲੇ ਦੀ ਸੁਣਵਾਈ ਜਸਟਿਸ ਐਮ ਐਮ ਸੁੰਦਰੇਸ਼ ਅਤੇ ਜਸਟਿਸ ਰਾਜੇਸ਼ ਬਿੰਦਲ ਦੇ ਬੈਂਚ ਸਾਹਮਣੇ ਹੋਈ ਤਾਂ ਸੀਨੀਅਰ ਐਡਵੋਕੇਟ ਪੁਨੀਤ ਬਾਲੀ ਨੇ ਅਦਾਲਤ ਨੂੰ ਦੱਸਿਆ ਕਿ ਪਿਛਲੇ ਸਾਲ 19 ਨਵੰਬਰ ਦੇ ਆਦੇਸ਼ ਮੁਤਾਬਕ ਪ੍ਰਤੀਵਾਦੀ ਨੇ ਮੁਆਫੀ ਮੰਗਣ ਦਾ ਫੈਸਲਾ ਕੀਤਾ ਹੈ।
‘ਲਾਈਵ ਲਾਅ’ ਮੁਤਾਬਕ ਸੀਨੀਅਰ ਐਡਵੋਕੇਟ ਨਿਧੇਸ਼ ਗੁਪਤਾ ਨੇ ਕਿਹਾ ਕਿ ਹਲਫਨਾਮੇ ਵਿੱਚ ਕੇਵਲ ਇਹ ਲਿਖਿਆ ਕਿ ‘ਜੇਕਰ ਕੋਈ ਦੁਖ ਪਹੁੰਚਿਆ ਤਾਂ ਸਾਨੂੰ ਖੇਦ ਹੈ।‘ ਉਨ੍ਹਾਂ ਕਿਹਾ ਕਿ ਆਰੋਪ ਵਾਪਸ ਲੈ ਲੈਣੇ ਚਾਹੀਦੇ ਹਨ। ਐਡਵੋਕੇਟ ਬਾਲੀ ਨੇ ਜਵਾਬ ਵਿੱਚ ਕਿਹਾ ਕਿ ਆਰੋਪ ਵਾਪਸ ਲੈਣ ਦਾ ਮਤਲਬ ਹੋਵੇਗਾ ਕਿ ਪ੍ਰਤੀਵਾਦੀਆਂ ਨੇ ਕਮਿਸ਼ਨ ਦੀ ਰਿਪੋਰਟ ਸਵੀਕਾਰ ਕਰ ਲਈ। ਉਨ੍ਹਾਂ ਕਿਹਾਕਿ ਗੁਪਤ ਸੁਝਾਅ ਦੇ ਸਕਦੇ ਹਨ ਕਿ ਹਲਫਨਾਮੇ ਨੁੰ ਕਿਵੇਂ ਲਿਖਿਆ ਜਾਣਾ ਚਾਹੀਦਾ ਹੈ ਅਤੇ ਉਸ ਅਨੁਸਾਰ ਕੀਤਾ ਜਾ ਸਕਦਾ ਹੈ। ਹਲਫਨਾਮਾ ਪੜ੍ਹਨ ਤੋਂ ਬਾਅਦ ਬੈਂਚ ਨੇ ਕਿਹਾਕਿ ਇਹ ਸਪੱਸ਼ਟ ਹੈ ਕਿ ਦਿੱਤੇ ਗਏ ਬਿਆਨ ਨੂੰ ਵਾਪਸ ਲੈ ਲਿਆ ਗਿਆ ਹੈ। ਇਸ ਅਨੁਸਾਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ।
Published on: ਅਪ੍ਰੈਲ 6, 2025 8:48 ਪੂਃ ਦੁਃ