ਦਲਜੀਤ ਕੌਰ
ਸੰਗਰੂਰ, 6 ਅਪ੍ਰੈਲ, 2025: ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਅੱਠਵੀਂ ਕਲਾਸ ਦੇ ਬੱਚਿਆਂ ਨੇ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਜ਼ਿਲ੍ਹੇ ਦੇ 8 ਬੱਚਿਆਂ ਨੇ ਮੈਰਿਟ ਵਿੱਚ ਸਥਾਨ ਹਾਸਿਲ ਕੀਤਾ ਹੈ ਅਤੇ ਜ਼ਿਲ੍ਹਾ ਸੰਗਰੂਰ ਦਾ ਨਤੀਜਾ ਵੀ 95.80 ਫ਼ੀਸਦੀ ਰਿਹਾ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਭੇਟ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮੈਡਮ ਤਰਵਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਅੱਠਵੀਂ ਬੋਰਡ ਦੀ ਪ੍ਰੀਖਿਆ ਵਿੱਚ ਜ਼ਿਲ੍ਹਾ ਸੰਗਰੂਰ ਦੇ ਕੁਲ 11378 ਬੱਚੇ ਬੈਠੇ ਸਨ ਜਿਨ੍ਹਾਂ ਵਿੱਚੋਂ ਕੁੱਲ 10900 ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ ਇਸ ਤਰ੍ਹਾਂ ਜ਼ਿਲ੍ਹੇ ਦੀ ਪਾਸ ਪ੍ਰਤਿਸ਼ਤਤਾ 95.80 ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬੱਚਿਆਂ ਦੇ ਅਧਿਆਪਕਾਂ ਅਤੇ ਮਾਪਿਆਂ ਦੀ ਮਿਹਨਤ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਪੜ੍ਹਾਉਣ ਲਈ ਉਪਲੱਬਧ ਕਰਵਾਈਆਂ ਗਈਆਂ ਆਧੁਨਿਕ ਤਕਨੀਕਾਂ ਸਦਕਾ ਸੰਭਵ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਖੁਸ਼ਪ੍ਰੀਤ ਕੌਰ ਸ. ਹ. ਸ ਖਡਿਆਲ ਨੇ ਅੱਠਵੀਂ ਜਮਾਤ ਵਿਚੋਂ 600 ‘ਚੋਂ 598 ਅੰਕ ਪ੍ਰਾਪਤ ਕਰਕੇ ਪੰਜਾਬ ਭਰ ‘ਚ ਤੀਜਾ ਸਥਾਨ ਕੀਤਾ ਹਾਸਲ ਕੀਤਾ ਹੈ। ਇਨ੍ਹਾਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਵਿੱਚ ਖੁਸ਼ਪ੍ਰੀਤ ਕੌਰ ਸ.ਹ.ਸ ਖਡਿਆਲ ਨੇ 600 ਵਿਚੋਂ 598, ਸੁਨਿਧੀ ਸ. ਕੰਨਿਆ ਸ.ਸ.ਸ ਸੁਨਾਮ ਨੇ 592, ਯੁਵਰਾਜ ਸਿੰਘ ਸ.ਮਿ.ਸ ਰੱਤੋਕੇ ਨੇ 591, ਮਨਿੰਦਰ ਕੌਰ ਸ.ਹ.ਸ ਨੰਗਲਾਂ ਨੇ 590, ਏਕਮਜੋਤ ਕੌਰ ਸ.ਹ.ਸ ਢੰਡਿਆਲ ਨੇ 589, ਕਿਰਪਾ ਕੌਰ ਸਕੂਲ ਆਫ ਐਮੀਨੈਂਸ ਘਨੋਰੀ ਕਲਾਂ ਨੇ 589, ਨਿਸ਼ੂ ਮਾਡਲ ਸ.ਸ.ਸ. ਮੰਡਵੀ ਨੇ 589, ਗੁਰਜੀਤ ਕੌਰ ਸ.ਸ.ਸ.ਸ ਉਪਲੀ ਚੱਠੇ ਨੇ 588 ਨੰਬਰ ਪ੍ਰਾਪਤ ਕਰਕੇ ਮੈਰਿਟ ਵਿੱਚ ਥਾਂ ਬਣਾਈ ਹੈ ।ਉਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਮਨਜੀਤ ਕੌਰ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ ਅੱਠਵੀਂ ਕਲਾਸ ਦੇ ਬੱਚਿਆਂ ਨੇ ਸਿਰਫ ਬੋਰਡ ਦੀ ਪ੍ਰੀਖਿਆ ਵਿੱਚ ਹੀ ਨਹੀਂ ਸਗੋਂ ਨੈਸ਼ਨਲ ਮੀਨਸ-ਕਮ-ਮੈਰਿਟ ਸਕਾਲਰਸ਼ਿਪ ਵਿੱਚ ਵੀ ਵੱਡੀ ਮੱਲ ਮਾਰੀ ਹੈ। ਜ਼ਿਲ੍ਹਾ ਸੰਗਰੂਰ ਦੇ 106 ਵਿਦਿਆਰਥੀਆਂ ਨੇ ਵਜ਼ੀਫਾ ਪ੍ਰੀਖਿਆ ਪਾਸ ਕੀਤੀ ਹੈ।
ਪ੍ਰਵੀਨ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ ਨੇ ਦੱਸਿਆ ਕਿ ਕੇਂਦਰ ਵੱਲੋਂ ਚਲਾਈ ਜਾ ਰਹੀ ਇਸ ਵਜ਼ੀਫਾ ਮੁਹਿੰਮ ਦਾ ਉਦੇਸ਼ ਬੱਚਿਆਂ ਨੂੰ ਉਚੇਰੀ ਪੜ੍ਹਾਈ ਲਈ ਉਤਸ਼ਾਹਿਤ ਕਰਨਾ ਹੈ ਇਸ ਤਹਿਤ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਨੌਵੀਂ ਅਤੇ ਦਸਵੀਂ ਵਿੱਚ 12-12 ਹਜਾਰ ਰੁਪਏ ਵਜ਼ੀਫਾ ਮਿਲਦਾ ਹੈ ।
Published on: ਅਪ੍ਰੈਲ 6, 2025 9:14 ਬਾਃ ਦੁਃ