ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ‘ਤੇ ਹੋਏ ਪੁਲਿਸ ਜ਼ਬਰ ਵਿਰੁੱਧ ਪੰਜਾਬ ਭਰ ‘ਚ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ 

ਸਿੱਖਿਆ \ ਤਕਨਾਲੋਜੀ

ਦਲਜੀਤ ਕੌਰ 

ਚੰਡੀਗੜ੍ਹ/ਸੰਗਰੂਰ, 6 ਅਪ੍ਰੈਲ, 2025: ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਅਤੇ ਉਨ੍ਹਾਂ ਦੀ ਹਮਾਇਤ ‘ਚ ਉੱਤਰੇ ਭਾਕਿਯੂ (ਏਕਤਾ-ਉਗਰਾਹਾਂ) ਦੇ ਦਰਜਨਾਂ ਆਗੂਆਂ ਤੇ ਵਰਕਰਾਂ ਨੂੰ ਕੁੱਟਮਾਰ ਕਰਨ ਮਗਰੋਂ ਬਠਿੰਡਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਜੇਲ੍ਹ ‘ਚ ਡੱਕਣ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੱਦੇ ‘ਤੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਸਮੇਤ 5 ਮੰਤਰੀਆਂ ਅਤੇ 9 ਵਿਧਾਇਕਾਂ ਦੇ ਘਰਾਂ ਅੱਗੇ ਪੰਜਾਬ ਭਰ ਵਿੱਚ ਰੋਸ ਧਰਨੇ ਦਿੱਤੇ ਗਏ। ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਭਗਵੰਤ ਮਾਨ ਸਰਕਾਰ ਦੇ ਇਸ ਜਾਬਰ ਹੱਲੇ ਵਿਰੁੱਧ ਦਿੱਤੇ ਗਏ ਇਹਨਾਂ ਧਰਨਿਆਂ ‘ਚ ਵੱਖ ਵੱਖ ਕਿਸਾਨ, ਖੇਤ ਮਜ਼ਦੂਰ, ਅਧਿਆਪਕ ਤੇ ਠੇਕਾ ਮੁਲਾਜ਼ਮ ਜਥੇਬੰਦੀਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।

ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਬਠਿੰਡੇ ਜਿਲ੍ਹੇ ਦੇ ਪਿੰਡ ਚਾਉਕੇ ਵਿਖੇ ਇੱਕ ਆਦਰਸ਼ ਸਕੂਲ ਸਰਕਾਰੀ ਅਤੇ ਨਿੱਜੀ ਤੌਰ ‘ਤੇ ਚੱਲ ਰਿਹਾ ਹੈ। ਇਸ ਸਕੂਲ ਉੱਪਰ ਸਰਕਾਰ ਦੀ ਤਰਫੋਂ 70% ਅਤੇ ਇੱਕ ਕੰਪਨੀ ਦੀ ਤਰਫੋਂ 30% ਖ਼ਰਚਾ ਕੀਤਾ ਜਾ ਰਿਹਾ ਹੈ। ਪਰ ਸਕੂਲ ਦੀ ਮੈਨੇਜਮੈਂਟ ਵੱਲੋਂ ਸਕੂਲ ਦੇ ਸਟਾਫ ਨੂੰ ਘੱਟ ਤਨਖਾਹਾਂ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਤੇ ਵਰਦੀਆਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਗੈਰ ਕਾਨੂੰਨੀ ਢੰਗ ਨਾਲ ਮੋਟੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਉਹਨਾਂ ਆਖਿਆ ਕਿ ਡੀ ਸੀ ਬਠਿੰਡਾ ਵੱਲੋਂ ਕੀਤੀ ਇਨਕੁਆਰੀ ਚ ਮੈਨੇਜਮੈਂਟ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਮੰਨਣ ਦੇ ਬਾਵਜੂਦ ਮੈਨੇਜਮੈਂਟ ਖਿਲਾਫ ਕਾਰਵਾਈ ਕਰਨ ਦੀ ਥਾਂ ਹੱਕੀ ਮੰਗਾਂ ਲਈ ਸੰਘਰਸ਼ ਦੇ ਰਾਹ ਪਏ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਤੇ ਉਹਨਾਂ ਦੀ ਹਮਾਇਤ ‘ਚ ਨਿੱਤਰੀ ਕਿਸਾਨ ਯੂਨੀਅਨ ਦੀ ਮਹਿਲਾ ਆਗੂ ਹਰਿੰਦਰ ਬਿੰਦੂ, ਪਰਮਜੀਤ ਕੌਰ ਪਿੱਥੋ ਤੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲ ਸਮੇਤ ਦਰਜਨਾਂ ਕਿਸਾਨਾਂ ਤੇ ਪੀੜਤ ਅਧਿਆਪਕਾਂ ਨੂੰ ਲਾਠੀਚਾਰਜ ਕਰਕੇ ਜੇਲ੍ਹ ਚ ਡੱਕ ਦਿੱਤਾ ਗਿਆ। ਉਹਨਾਂ ਦੋਸ਼ ਲਾਇਆ ਕਿ ਹਰ ਟੀਚਰ ਦੀ ਤਨਖ਼ਾਹ ਵਿੱਚੋਂ ਦਸ ਹਜ਼ਾਰ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਅਤੇ ਵਿਦਿਆਰਥੀਆਂ ਨੂੰ ਲੋੜੀਂਦਾ ਸਮਾਨ ਨਹੀਂ ਦਿੱਤਾ ਜਾ ਰਿਹਾ। ਕੰਪਨੀ ਦੀ ਤਰਫੋਂ ਅਪਣੇ ਚਹੇਤਿਆਂ ਨੂੰ ਸਕੂਲ ਅੰਦਰ ਨੌਕਰੀਆਂ ‘ਤੇ ਰੱਖਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਭਗਵੰਤ ਮਾਨ ਦੀ ਸਰਕਾਰ ਸਾਰੇ ਸਰਕਾਰੀ ਮਹਿਕਮੇ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਚਾਹੁੰਦੀ ਹੈ, ਜਿਨ੍ਹਾਂ ਨੂੰ ਵੱਡੀ ਪੱਧਰ ਤੇ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਆਮ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਆਪ ਸਰਕਾਰ ਵੀ 1991 ਵਿੱਚ ਸਾਮਰਾਜੀਆਂ ਨਾਲ ਕੀਤੇ ਸਮਝੌਤਿਆਂ ਨੂੰ ਲਾਗੂ ਕਰਨਾ ਚਾਹੁੰਦੀ ਹੈ। ਜੋ ਕੰਪਨੀ ਇਹ ਸਕੂਲ ਚਲਾ ਰਹੀ ਹੈ ਅਤੇ ਪੰਜਾਬ ਅੰਦਰ ਹੋਰ ਵੀ ਕੰਪਨੀਆਂ ਸਕੂਲ ਚਲਾ ਰਹੀਆਂ ਹਨ ਸਹੀ ਰੂਪ ਅੰਦਰ ਕਹਿਣਾ ਹੋਵੇ ਤਾਂ ਮੌਕੇ ਦੀਆਂ ਕੰਪਨੀਆਂ ਆਪਣਾ ਰਾਜ ਲੋਕਾਂ ‘ਤੇ ਕਰਨਾ ਚਾਹੁੰਦੀਆਂ ਹਨ। ਜੋ ਇਹ ਸਕੂਲ ਪ੍ਰਾਈਵੇਟ ਹਿੱਸੇਦਾਰੀ ਦੇ ਤੌਰ ‘ਤੇ ਚਲਾਏ ਜਾ ਰਹੇ ਹਨ, ਇਨ੍ਹਾਂ ਸਕੂਲਾਂ ਅੰਦਰ ਅਧਿਆਪਕਾਂ ਨੂੰ ਤਨਖਾਹਾਂ ਘੱਟ ਦਿੱਤੀਆਂ ਜਾ ਰਹੀਆਂ ਹਨ। 

ਇਸ ਮੌਕੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ, ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ, ਅਮਰੀਕ ਸਿੰਘ ਗੰਢੂਆਂ, ਕਮਲ ਬਰਨਾਲਾ, ਜਸਵੀਰ ਕੌਰ ਉਗਰਾਹਾਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ, ਬੀਕੇਯੂ ਏਕਤਾ ਡਕੌਂਦਾ ਧਨੇਰ ਦੇ ਸੂਬਾ ਆਗੂ ਗੁਰਦੀਪ ਸਿੰਘ ਰਾਮਪੁਰਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਪ੍ਰਸ਼ੋਤਮ ਮਹਿਰਾਜ, ਡੀ ਟੀ ਐਫ਼ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਬਲਵੀਰ ਚੰਦ ਲੌਂਗੋਵਾਲ, ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਗਪਾਲ ਸਿੰਘ ਬੰਗੀ ਤੇ ਬੇਅੰਤ ਸਿੰਘ ਫੁੱਲੇਵਾਲ, ਆਗੂ ਕੁਲਵੰਤ ਸਿੰਘ ਖਨੌਰੀ, ਆਦਰਸ਼ ਸਕੂਲ ਅਧਿਆਪਕਾਂ ਦੇ ਆਗੂ ਬਲਵਿੰਦਰ ਸਿੰਘ ਤੇ ਬਲਜੀਤ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਜਗਸੀਰ ਸਿੰਘ ਭੰਗੂ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਆਗੂ ਪਿਰਤਪਾਲ ਸਿੰਘ ਰਾਮਪੁਰਾ, ਬੀਕੇਯੂ ਆਜ਼ਾਦ ਦੇ ਆਗੂ ਜਸਵੀਰ ਸਿੰਘ ਮੈਦੇਵਾਸ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਪਰਗਟ ਸਿੰਘ ਕਾਲਾਝਾੜ ਆਦਿ ਨੇ ਸੰਬੋਧਨ ਕੀਤਾ।

Published on: ਅਪ੍ਰੈਲ 6, 2025 9:39 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।