ਜੱਚਾ ਅਤੇ ਬੱਚਾ ਨੂੰ ਦਿੱਤੀਆਂ ਜਾ ਰਹੀਆਂ ਹਨ ਮਿਆਰੀ ਸਿਹਤ ਸਹੂਲਤਾਂ : ਡਾ. ਸੰਗੀਤਾ ਜੈਨ
ਮੋਹਾਲੀ, 7 ਅਪ੍ਰੈਲ 2025: ਦੇਸ਼ ਕਲਿੱਕ ਬਿਓਰੋ
ਵਿਸ਼ਵ ਸਿਹਤ ਦਿਵਸ (World Health Day) ਮੌਕੇ ਅੱਜ ਜ਼ਿਲ੍ਹੇ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਸਰਗਰਮੀਆਂ ਕੀਤੀਆਂ ਗਈਆਂ ਅਤੇ ਮਰੀਜ਼ਾਂ ਨੂੰ ਵੱਖ ਵੱਖ ਬੀਮਾਰੀਆਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਦੱਸਿਆ ਗਿਆ l ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਹਰ ਸਾਲ 7 ਅਪ੍ਰੈਲ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਜੋ ਸਾਨੂੰ ਚੰਗੀ ਸਿਹਤ ਦੀ ਅਹਿਮੀਅਤ ਦਾ ਅਹਿਸਾਸ ਕਰਾਉਂਦਾ ਹੈ l ਇਹ ਦਿਨ ਪਹਿਲੀ ਵਾਰ ਸਾਲ 1950 ਵਿਚ 7 ਅਪ੍ਰੈਲ ਨੂੰ ਮਨਾਇਆ ਗਿਆ ਸੀ ਪਰ ਇਸ ਦੀ ਸ਼ੁਰੂਆਤ ਸਾਲ 1948 ਵਿਚ ਹੋਈ ਸੀ ਕਿਉਂਕਿ ਉਸੇ ਸਾਲ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਹੋਈ ਸੀ l ਉਨ੍ਹਾਂ ਕਿਹਾ ਕਿ ਇਹ ਮਹਿਜ਼ ਇਕ ਦਿਨ ਨਹੀਂ ਸਗੋਂ ਮੌਕਾ ਹੈ ਜਦੋਂ ਅਸੀਂ ਅਪਣੇ ਜੀਵਨ ਅਤੇ ਸਮਾਜ ਵਿਚ ਚੰਗੀ ਸਿਹਤ ਨੂੰ ਪਹਿਲ ਦੇ ਸਕਦੇ ਹਾਂ ਅਤੇ ਸਿਹਤਮੰਦ ਤੇ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਵਿਚ ਅਪਣਾ ਯੋਗਦਾਨ ਪਾ ਸਕਦੇ ਹਾਂ l
ਡਾ. ਜੈਨ ਨੇ ਕਿਹਾ ਕਿ ਇਹ ਦਿਨ ਹਰ ਸਾਲ ਖ਼ਾਸ ਨਾਹਰੇ ਨਾਲ ਮਨਾਇਆ ਜਾਂਦਾ ਹੈ ਤੇ ਇਸ ਵਾਰ ਦਾ ਵਿਸ਼ਾ-ਵਸਤੂ ਹੈ,’ ਸਿਹਤਮੰਦ ਸ਼ੁਰੂਆਤ, ਆਸਵੰਦ ਭਵਿੱਖ ‘ ਜੋ ਨਵਜਨਮੇ ਬੱਚਿਆਂ ਅਤੇ ਮਾਵਾਂ ਦੀ ਸਿਹਤ ਨਾਲ ਜੁੜਿਆ ਹੈ l ਉਨ੍ਹਾਂ ਕਿਹਾ ਕਿ ਜੇ ਜੱਚਾ ਅਤੇ ਬੱਚਾ ਦੀ ਸਿਹਤ ਠੀਕ ਹੋਵੇਗੀ ਤਾਂ ਦੇਸ਼ ਦੀ ਅਗਲੀ ਪੀੜ੍ਹੀ ਵੀ ਤੰਦਰੁਸਤ ਹੋਵੇਗੀ l ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਜੱਚਾ ਅਤੇ ਬੱਚਾ ਨੂੰ ਉੱਚ ਪੱਧਰ ਦੀਆਂ ਜਾਂਚ, ਇਲਾਜ ਤੇ ਜਣੇਪਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ l ਮੁਫ਼ਤ ਸਹੂਲਤਾਂ ਵਿਚ ਮੁਫ਼ਤ ਜਾਂਚ ਅਤੇ ਦਵਾਈਆਂ, ਮੁਫ਼ਤ ਅਲਟਰਾਸਾਊਂਡ, ਮੁਫ਼ਤ ਖਾਣਾ, ਸਿਹਤ ਸੰਸਥਾ ਤਕ ਆਉਣ ਅਤੇ ਵਾਪਸ ਘਰ ਜਾਣ ਲਈ ਮੁਫ਼ਤ ਟਰਾਂਸਪੋਰਟ ਸਹੂਲਤ l ਇਸੇ ਤਰ੍ਹਾਂ ਨਵਜਨਮੇ ਬੱਚੇ ਨੂੰ ਇਕ ਸਾਲ ਤਕ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ l ਉਨ੍ਹਾਂ ਗਰਭਵਤੀ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੀ ਅਤੇ ਬੱਚੇ ਦੀ ਚੰਗੀ ਸਿਹਤ ਵਾਸਤੇ ਸੰਤੁਲਿਤ ਤੇ ਪੌਸ਼ਟਿਕ ਖੁਰਾਕ ਲੈਣ ਅਤੇ ਸਮੇਂ ਸਮੇਂ ਤੇ ਅਪਣਾ ਹਰ ਜ਼ਰੂਰੀ ਟੈਸਟ ਕਰਾਉਣ l ਗਰਭ ਅਵਸਥਾ ਦੌਰਾਨ ਚਾਰ ਵਾਰ ਜਾਂਚ ਜ਼ਰੂਰੀ ਹੈ ਜਿਵੇਂ ਭਾਰ, ਖ਼ੂਨ, ਪਿਸ਼ਾਬ, ਬਲੱਡ ਆਦਿ ਦੀ ਜਾਂਚ l ਖਾਣੇ ਵਿਚ ਹਰੀਆਂ ਤੇ ਤਾਜ਼ੀਆਂ ਸਬਜ਼ੀਆਂ, ਫਲ ਅਤੇ ਦੁੱਧ ਦੀ ਵਰਤੋਂ ਕੀਤੀ ਜਾਵੇ l ਉਨ੍ਹਾਂ ਗਰਭਵਤੀ ਔਰਤਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਣੇਪਾ ਕਰਾਉਣ ਦੀ ਅਪੀਲ ਕੀਤੀ l ਸਿਹਤ ਸਬੰਧੀ ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Published on: ਅਪ੍ਰੈਲ 7, 2025 9:41 ਬਾਃ ਦੁਃ