ਸਿਹਤ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਲੂਅ  ਤੋਂ ਖੁਦ ਨੂੰ ਬਚਾ ਕੇ ਰੱਖਣ ਦੀ ਸਲਾਹ

ਪੰਜਾਬ



ਚੰਡੀਗੜ੍ਹ, 8 ਅਪ੍ਰੈਲ: ਦੇਸ਼ ਕਲਿੱਕ ਬਿਓਰੋ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ’ਤੇ, ਸਿਹਤ ਵਿਭਾਗ ਨੇ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਲੂਅ (ਹੀਟਵੇਵ)ਤੋਂ ਲੋਕਾਂ ਨੂੰ ਬਚ ਕੇ ਰਹਿਣ ਲਈ  ਸਾਵਧਾਨੀਆਂ/ਪਰਹੇਜ਼ਾਂ ਦੀ ਵਿਸਥਾਰਿਤ ਸੂਚੀ ਜਾਰੀ ਕੀਤੀ ਹੈ । ਭਾਰਤੀ ਮੌਸਮ ਵਿਭਾਗ(ਆਈਐਮਡੀ) ਅਨੁਸਾਰ, ਹੀਟਵੇਵ ਉਦੋਂ ਕਹੀ ਜਾਂਦੀ ਹੈ, ਜਦੋਂ ਕਿਸੇ ਸਮਤਲ ਖੇਤਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਹੋ ਜਾਵੇ ਜਾਂ ਸਾਧਾਰਨ ਤਾਪਮਾਨ ਵਿੱਚ 4.5 ਤੋਂ 6.4 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਜਾਵੇ । ਇਹ ਉੱਚ ਤਾਪਮਾਨ, ਸਾਡੇ ਸਰੀਰ ਦੀ ਤਾਪਮਾਨ ਨਿਯੰਤਰਣ ਪ੍ਰਣਾਲੀ ਨੂੰ ਖਰਾਬ ਕਰਕੇ ਗਰਮੀ ਸਬੰਧੀ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟਰ ਡਾ. ਹਿਤਿੰਦਰ ਕੌਰ ਨੇ ਕਿਹਾ ਕਿ ਸਾਰੇ ਸਿਵਲ ਸਰਜਨਾਂ, ਨੂੰ ਇਹ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਾਰੇ ਹਸਪਤਾਲ ਗਰਮੀ ਦੀ ਮਾਰ ਤੋਂ ਪੀੜਤ ਮਰੀਜ਼ਾਂ ਦੇ ਸੁਚੱਜੇ ਪ੍ਰਬੰਧਨ ਲਈ ਪੂਰੀ ਤਰ੍ਹਾਂ ਲੈਸ ਹੋਣ। ਇਸ ਤੋਂ ਇਲਾਵਾ, ਜ਼ਿਲ੍ਹਾ ਹਸਪਤਾਲਾਂ ਤੋਂ ਲੈ ਕੇ ਸੀ.ਐਚ.ਸੀ. ਪੱਧਰ ਅਤੇ ਪੀ.ਐਚ.ਸੀ. ਤੱਕ  ਲੋੜੀਂਦੇ ਬੈੱਡ ਰਾਖਵੇਂ ਕੀਤੇ ਗਏ ਹਨ ਜਿੱਥੇ 24 ਘੰਟੇ ਸਿਹਤ ਸੇਵਾਵਾਂ ਉਪਲਬਧ ਹਨ।

ਉਨ੍ਹਾਂ ਕਿਹਾ, ‘‘ ਦਰੁਸਤ ਡਾਇਗਨਾਜ਼ ਦੇ ਨਾਲ-ਨਾਲ ਗਰਮੀ ਨਾਲ ਸਬੰਧਤ ਬਿਮਾਰੀਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਮੈਡੀਕਲ ਅਫਸਰਾਂ ਅਤੇ ਮਾਹਿਰਾਂ ਨੂੰ ਰਿਫਰੈਸ਼ਰ ਸਿਖਲਾਈ ਅਤੇ ਜਾਗਰੂਕਤਾ ਪ੍ਰਦਾਨ ਕੀਤੀ ਗਈ ਹੈ।’’ ਸਿਵਲ ਸਰਜਨਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਆਸ਼ਾ ਵਰਕਰਾਂ ਸਮੇਤ ਸਾਰੇ ਪੈਰਾ- ਮੈਡੀਕਲ ਸਟਾਫ ਨੂੰ ਸਿਖਲਾਈ ਦਿੱਤੀ ਜਾਵੇ ਅਤੇ ਜਾਗਰੂਕ ਕੀਤਾ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੂਅ ਸੰਬੰਧੀ ਐਡਵਾਈਜ਼ਰੀ ਹਰੇਕ ਤੱਕ ਪਹੁੰਚੇ।

ਉਨ੍ਹਾਂ ਸਲਾਹ ਦਿੱਤੀ ਕਿ ਟੀਵੀ, ਰੇਡੀਓ, ਅਖ਼ਬਾਰਾਂ ਆਦਿ ਰਾਹੀਂ ਸਥਾਨਕ ਮੌਸਮ ਦੀਆਂ ਖ਼ਬਰਾਂ ਵੱਲ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ, ਮੌਸਮ ਵਿਭਾਗ ਦੀ ਵੈੱਬਸਾਈਟ [http://mausam.imd.gov.in/] ਤੋਂ ਮੌਸਮ ਦੀ ਤਾਜ਼ਾ–ਤਰੀਨ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਲੋਕਾਂ ਨੂੰ ਗੰਭੀਰ ਗਰਮੀ ਦੀ ਲਹਿਰ ਦੀਆਂ ਸਥਿਤੀਆਂ ਵਿੱਚ ਭਵਿੱਖਬਾਣੀਆਂ ਮੁਤਾਬਿਕ ਹੀ ਆਪਣੀਆਂ ਰੋਜ਼ਮਰਾਹ ਗਤੀਵਿਧੀਆਂ ਉਲੀਕਣੀਆਂ ਚਾਹੀਦਆਂ ਹਨ ਤਾਂ ਜੋ ਗਰਮੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ।

ਡਾ. ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਨਵਜੰਮੇ ਬੱਚੇ, ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗ ਵਿਅਕਤੀ, ਮਜ਼ਦੂਰ, ਮੋਟੇ ਵਿਅਕਤੀ, ਕਿਸੇ ਵੀ ਕਿਸਮ ਦੀ ਮਾਨਸਿਕ ਬਿਮਾਰੀ ਵਾਲੇ ਅਤੇ ਘੱਟ ਇਮਿਊਨਿਟੀ ਵਾਲੇ ਵਿਅਕਤੀ ਖਾਸ ਕਰਕੇ ਦਿਲ ਦੀਆਂ ਬਿਮਾਰੀਆਂ ਜਾਂ ਹਾਈਪਰਟੈਨਸ਼ਨ ਤੋਂ ਪੀੜਤ ਵਿਅਕਤੀਆਂ ਨੂੰ ਐਡਵਾਈਜ਼ਰੀ ਦੀ ਵਧੇਰੇ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੂੰ ਲੂਅ ਦੀ ਲਪੇਟ ਵਿੱਚ ਆਉਣ ਦਾ ਖਤਰਾ ਜ਼ਿਆਦਾ ਹੁੰਦਾ ਹੈ।

ਗਰਮੀ ਤੋਂ ਬਚਣ ਲਈ ਕੀ ਕਰੀਏ/ਕੀ ਨਾ ਕਰੀਏ

ਕੀ  ਕਰੀਏ:

* ਦਿਨ ਦੇ ਠੰਢੇ ਸਮੇਂ ਦੌਰਾਨ ਬਾਹਰੀ ਕੰਮ ਕਰੋ, ਜਿਵੇਂ ਕਿ ਸਵੇਰ ਅਤੇ ਸ਼ਾਮ

* ਹਰ ਅੱਧੇ ਘੰਟੇ ਬਾਅਦ ਪਾਣੀ ਪੀਓ, ਭਾਵੇਂ ਪਿਆਸ ਨਾ ਹੋਵੇ। ਮਿਰਗੀ ਜਾਂ ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਲੋਕ, ਜੋ ਤਰਲ ਪਦਾਰਥਾਂ ਦੀ ਸੀਮਤ ਖੁਰਾਕ ਲੈਂਦੇ ਹਨ, ਨੂੰ ਪਾਣੀ ਦੀ ਮਾਤਰਾ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

* ਬਾਹਰ ਕੰਮ ਕਰਦੇ ਸਮੇਂ ਹਲਕੇ/ਫਿੱਕੇ ਰੰਗ ਦੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ। ਗਰਮੀਆਂ ਵਿੱਚ ਸਿਰਫ਼ ਸੂਤੀ ਕੱਪੜੇ ਪਾਉਣ ਦੀ ਕੋਸ਼ਿਸ਼ ਕਰੋ

* ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟਾ ਵਰਤੋ

* ਧੁੱਪ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਲਈ ਛਾਂ ਵਿੱਚ ਆਰਾਮ ਕਰਨਾ ਚਾਹੀਦਾ ਹੈ ਜਾਂ ਆਪਣੇ ਸਿਰ ’ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ

* ਧੁੱਪ ਵਿੱਚ ਬਾਹਰ ਜਾਂਦੇ ਸਮੇਂ ਹਮੇਸ਼ਾ ਪਾਣੀ ਆਪਣੇ ਨਾਲ ਰੱਖੋ

* ਮੌਸਮੀ ਫਲ ਅਤੇ ਸਬਜ਼ੀਆਂ, ਜਿਵੇਂ ਕਿ ਤਰਬੂਜ, ਸੰਤਰੇ, ਅੰਗੂਰ, ਖੀਰੇ ਅਤੇ ਟਮਾਟਰ, ਖਾਓ, ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ

* ਤੁਹਾਡੇ ਘਰ ਜਾਂ ਦਫ਼ਤਰ ਵਿੱਚ ਸਾਮਾਨ ਜਾਂ ਭੋਜਨ ਦੀ ਡਿਲਿਵਰੀ ਲਈ ਆਉਣ ਵਾਲੇ ਲੋਕਾਂ ਨੂੰ ਪਾਣੀ ਦਿਓ

* ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਵਰਗੇ ਘਰੇਲੂ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਰੋ ਅਤੇ ਉਹਨਾਂ ਦਾ ਸੇਵਨ ਵਧਾਓ

* ਆਪਣੀ ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਅਤੇ ਆਪਣੀਆਂ ਅੱਖਾਂ ਦੀ ਸੁਰੱਖਿਆ ਲਈ ਕਾਲੀ ਐਨਕ ਲਗਾਈ ਜਾਵੇ।

* ਥੋੜ੍ਹਾ ਜਿਹਾ ਭੋਜਨ ਖਾਓ ਅਤੇ ਜ਼ਿਆਦਾ ਵਾਰ ਖਾਓ

* ਠੰਡੇ ਪਾਣੀ ਵਿੱਚ ਵਾਰ-ਵਾਰ ਨਹਾਉਣਾ

* ਛੱਤਾਂ ’ਤੇ ਤੂੜੀ ਪਾਉਣਾ ਜਾਂ ਸਬਜ਼ੀਆਂ ਉਗਾਉਣਾ ਤਾਪਮਾਨ ਘੱਟ ਰੱਖਦਾ ਹੈ

* ਜੇਕਰ ਕਸਰਤ ਕਰ ਰਹੇ ਹੋ, ਤਾਂ ਹੌਲੀ-ਹੌਲੀ ਸ਼ੁਰੂ ਕਰੋ ਅਤੇ ਅੰਤ ਵਿੱਚ ਸਰੀਰ ਦੇ ਵਧਦੇ ਤਾਪਮਾਨ ਦੇ ਅਨੁਕੂਲ ਹੋਣ ਲਈ ਕੁਝ ਦਿਨਾਂ ਵਿੱਚ ਇਸਨੂੰ ਵਧਾਓ

* ਪਿਆਜ਼ ਦਾ ਸਲਾਦ ਅਤੇ ਕੱਚਾ ਅੰਬ ਨਮਕ ਅਤੇ ਜੀਰੇ ਨਾਲ ਖਾਣ ਵਰਗੇ ਰਵਾਇਤੀ ਉਪਚਾਰ ਗਰਮੀ ਦੇ ਪ੍ਰਕੋਪ ਨੂੰ ਘਟਾ ਸਕਦੇ ਹਨ।

ਨਾ ਕਰੋ

* ਨੰਗੇ ਪੈਰੀਂ ਬਾਹਰ ਨਾ ਜਾਓ, ਧੁੱਪ ਵਿੱਚ ਬਾਹਰ ਜਾਂਦੇ ਸਮੇਂ ਹਮੇਸ਼ਾ ਜੁੱਤੇ ਜਾਂ ਚੱਪਲਾਂ ਪਾਓ।

* ਧੁੱਪ ਵਿੱਚ ਬਾਹਰ ਜਾਣ ਤੋਂ ਬਚੋ, ਖਾਸ ਕਰਕੇ ਦੁਪਹਿਰ 12 ਵਜੇ ਤੋਂ 3 ਵਜੇ ਦੇ ਵਿਚਕਾਰ।

* ਗਰਮੀਆਂ ਦੇ ਸਿਖਰ ਦੇ ਸਮੇਂ ਦੌਰਾਨ ਖਾਣਾ ਪਕਾਉਣ ਤੋਂ ਬਚੋ, ਰਸੋਈ ਦੇ ਖੇਤਰ ਨੂੰ ਚੰਗੀ ਤਰ੍ਹਾਂ ਹਵਾਦਾਰ ਰੱਖਣ ਲਈ ਦਰਵਾਜ਼ੇ ਅਤੇ ਖਿੜਕੀਆਂ ਖੁੱਲ੍ਹੀਆਂ ਰੱਖੋ।

* ਸ਼ਰਾਬ, ਚਾਹ, ਕੌਫੀ, ਅਤੇ ਕਾਰਬੋਨੇਟਿਡ ਅਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਬਚੋ, ਕਿਉਂਕਿ ਇਹ ਅਸਲ ਵਿੱਚ ਸਰੀਰ ਦੇ ਤਰਲ ਪਦਾਰਥਾਂ ਨੂੰ ਖਤਮ ਕਰ ਦਿੰਦੇ ਹਨ।

* ਤਲੇ ਹੋਏ ਭੋਜਨ ਤੋਂ ਬਚੋ, ਬਾਸੀ ਭੋਜਨ ਨਾ ਖਾਓ।

* ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਤਾਲਾਬੰਦ ਵਾਹਨ ਵਿੱਚ ਨਾ ਛੱਡੋ।

ਲੱਛਣ ਜਿਨ੍ਹਾਂ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ  ਹੈ

* ਬੇਚੈਨੀ, ਬੋਲਣ ਵਿੱਚ ਮੁਸ਼ਕਲ, ਚਿੜਚਿੜਾਪਨ, ਅਟੈਕਸਿਆ, ਸਲਰਡ ਸਪੀਚ, ਦੌਰੇ ਪੈਣਾ ਆਦਿ ਦੇ ਨਾਲ ਮਾਨਸਿਕ ਸੰਤੁਲਨ ਵਿੱਚ ਬਦਲਾਅ

* ਗਰਮ, ਲਾਲ ਅਤੇ ਖੁਸ਼ਕ ਚਮੜੀ

* ਜਦੋਂ ਸਰੀਰ ਦਾ ਤਾਪਮਾਨ 40 ਡਿਗਰੀ ਜਾਂ ਵੱਧ ਹੋ ਜਾਵੇ

* ਗੰਭੀਰ ਸਿਰ ਦਰਦ

* ਚਿੰਤਾ, ਚੱਕਰ ਆਉਣੇ, ਬੇਹੋਸ਼ੀ ਅਤੇ ਹਲਕਾ ਸਿਰ ਦਰਦ

* ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਕੜਵੱਲ

* ਉਲਟੀਆਂ

*  ਦਿਲ ਦੀ ਧੜਕਣ ਵਧਣਾ

* ਸਾਹ ਚੜ੍ਹਨਾ

ਕੀ ਕਰਨਾ ਹੈ:

ਯਾਦ ਰੱਖੋ, ਜੇਕਰ ਤੁਹਾਨੂੰ ਕੋਈ ਅਜਿਹਾ ਵਿਅਕਤੀ ਮਿਲਦਾ ਹੈ, ਜਿਸ ਦੇ ਸਰੀਰ ਦਾ ਤਾਪਮਾਨ ਬਹੁਤ ਵੱਧ ਹੈ, ਜੋ ਬੇਹੋਸ਼ ਹੈ , ਬੇਚੈਨ ਹੈ, ਜਾਂ ਜਿਸਨੂੰ ਪਸੀਨਾ ਆਉਣਾ ਬੰਦ ਹੋ ਗਿਆ ਹੈ, ਤਾਂ ਤੁਰੰਤ  104 ਮੈਡੀਕਲ ਹੈਲਪਲਾਈਨ ’ਤੇ ਕਾਲ ਕਰੋ। ਐਂਬੂਲੈਂਸ ਦੇ ਆਉਣ ਤੱਕ, ਉਸਨੂੰ  ਛਾਂ ਵਿੱਚ ਲਿਜਾ ਕੇ, ਪੱਖਾ ਲਗਾ ਕੇ, ਅਤੇ ਜੇ ਸੰਭਵ ਹੋਵੇ, ਤਾਂ ਉਸ ਦੇ ਸ਼ਰੀਰ ’ਤੇ ਠੰਡੇ ਪਾਣੀ ਦੀਆਂ ਪੱਟੀਆਂ ਧਰੋ । ਜਲਦੀ ਕਾਰਵਾਈ ਕਰਨ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ।

Published on: ਅਪ੍ਰੈਲ 8, 2025 7:58 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।