ਗੁਰਦਾਸਪੁਰ, 8 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ਜ਼ਿਲ੍ਹੇ ਵਿੱਚ ਬੀਸੀਏ ਦੀ ਵਿਦਿਆਰਥਣ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੁਲੀਸ ਨੇ ਭਗੌੜੇ ਪਾਦਰੀ ਜਸ਼ਨ ਗਿੱਲ (Pastor Jashan Gill) ਦੀ ਭੈਣ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਫੜੀ ਗਈ ਔਰਤ ਦੀ ਪਛਾਣ ਮਾਰਥਾ ਵਜੋਂ ਹੋਈ ਹੈ, ਜੋ ਕਿ ਮੁਹਾਲੀ ਜ਼ਿਲ੍ਹੇ ਦੇ ਖਰੜ ਦੀ ਰਹਿਣ ਵਾਲੀ ਹੈ। ਮਾਰਥਾ ‘ਤੇ ਮੁਲਜ਼ਮ ਪਾਦਰੀ ਨੂੰ ਪਨਾਹ ਦੇਣ ਦਾ ਦੋਸ਼ ਹੈ।
ਸੋਮਵਾਰ ਨੂੰ ਪੁਲਸ ਨੇ ਮੁਲਜ਼ਮ ਦੇ ਭਰਾ ਪ੍ਰੇਮ ਮਸੀਹ ਨੂੰ ਜੰਮੂ ਤੋਂ ਗ੍ਰਿਫਤਾਰ ਕੀਤਾ ਸੀ। ਮਾਰਥਾ ਨੂੰ ਅੱਜ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪ੍ਰੇਮ ਮਸੀਹ ਨੂੰ ਪਹਿਲਾਂ ਹੀ ਦੋ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦੋਵਾਂ ਨੂੰ ਭਲਕੇ ਬੁੱਧਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੀਨਾਨਗਰ ਥਾਣੇ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮਾਰਥਾ ਖਰੜ, ਮੁਹਾਲੀ ਦੀ ਵਸਨੀਕ ਹੈ। ਉਹ ਦਵਿੰਦਰ ਪਾਲ ਦੀ ਪਤਨੀ ਹੈ। ਬਰਿਆਰ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਜਸਵਿੰਦਰ ਸਿੰਘ ਨੇ ਮਾਰਥਾ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਫੜੇ ਗਏ ਮੁਲਜ਼ਮਾਂ ਕੋਲੋਂ ਪਾਦਰੀ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਜਲਦ ਹੀ ਪਾਦਰੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
Published on: ਅਪ੍ਰੈਲ 8, 2025 5:34 ਬਾਃ ਦੁਃ