ਜਲੰਧਰ, 8 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ਬੀਤੀ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਅੱਤਵਾਦੀ ਹਮਲਾ (Terrorist attack) ਹੋਇਆ ਹੈ। ਘਟਨਾ ਦੇ ਸਮੇਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਆਪਣੇ ਘਰ ਅੰਦਰ ਸੌਂ ਰਹੇ ਸਨ। ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਘਰ ਦੇ ਅੰਦਰ ਹੀ ਸਨ।
ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ। ਪਰ ਸਾਬਕਾ ਮੰਤਰੀ ਦੇ ਘਰ ਦੇ ਵਿਹੜੇ ਵਿੱਚ ਹੋਏ ਧਮਾਕੇ ਨੇ ਕਾਫੀ ਨੁਕਸਾਨ ਕੀਤਾ। ਇਕ ਈ-ਰਿਕਸ਼ਾ ਅਤੇ ਬਾਈਕ ‘ਤੇ ਸਵਾਰ ਕੁੱਲ 3 ਲੋਕ ਹਮਲਾ ਕਰਨ ਆਏ ਸਨ। ਇਕ ਮੁਲਜ਼ਮ ਨੇ ਈ-ਰਿਕਸ਼ਾ ਤੋਂ ਹੇਠਾਂ ਉਤਰ ਕੇ ਹੈਂਡ ਗ੍ਰੇਨੇਡ ਦਾ ਪਿੰਨ ਕੱਢਿਆ ਅਤੇ ਸਾਬਕਾ ਮੰਤਰੀ ਦੇ ਘਰ ਦੇ ਅੰਦਰ ਸੁੱਟ ਦਿੱਤਾ। ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਮਨੋਰੰਜਨ ਕਾਲੀਆ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 4 ਗੰਨਮੈਨ ਅਲਾਟ ਕੀਤੇ ਗਏ ਹਨ। ਕਾਲੀਆ ਦੇ ਸੁਰੱਖਿਆ ਇੰਚਾਰਜ ਨਿਸ਼ਾਨ ਸਿੰਘ ਹਨ। ਜੋ ਹਮਲੇ ਤੋਂ ਤੁਰੰਤ ਬਾਅਦ ਬਾਹਰ ਆ ਗਏ। ਇਹ ਹਮਲਾ ਜਲੰਧਰ ਦੇ ਸਭ ਤੋਂ ਮਸ਼ਹੂਰ ਖੇਤਰ ਸ਼ਾਸਤਰੀ ਮਾਰਕੀਟ ਚੌਕ ਨੇੜੇ ਰਾਤ 1.03 ਤੋਂ 1.07 ਵਜੇ ਦਰਮਿਆਨ ਹੋਇਆ।
Published on: ਅਪ੍ਰੈਲ 8, 2025 7:38 ਪੂਃ ਦੁਃ