ਚੰਡੀਗੜ੍ਹ, 10 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਬੀਤੇ ਪਟਿਆਲਾ ਜ਼ਿਲ੍ਹੇ ਵਿੱਚ ਹੋਏ ਸਿੱਖਿਆ ਕ੍ਰਾਂਤੀ ਸੰਮੇਲਨ ਦੌਰਾਨ ਸਾਬਕਾ ਮੰਤਰੀ ਅਤੇ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਅਧਿਆਪਕਾਂ ਕਲਾਸ ਲਗਾਉਣ ਦਾ ਮਾਮਲਾ ਗਰਮਾ ਗਿਆ ਸੀ। ਹੁਣ ਉਨ੍ਹਾਂ ਨੇ ਇਸ ਲਈ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਾਡੇ ਗੁਰੂ ਹਨ। ਜੇਕਰ ਮੇਰੀ ਟਿੱਪਣੀ ਨੇ ਕਿਸੇ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮੁਆਫੀ ਚਾਹੁੰਦਾ ਹਾਂ।
ਜੌੜੇ ਮਾਜਰਾ ਨੂੰ ਵਿਰੋਧੀ ਧਿਰ ਵੱਲੋਂ ਹੀ ਨਹੀਂ ਸਗੋਂ ਆਪਣੀ ਪਾਰਟੀ ਅੰਦਰੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਸੀ ਕਿ ਅਧਿਆਪਕਾਂ ਦਾ ਸਤਿਕਾਰ ਸਾਡੇ ਲਈ ਬਹੁਤ ਜ਼ਰੂਰੀ ਹੈ ਅਤੇ ਅਸੀਂ ਅਜਿਹੇ ਵਤੀਰੇ ਦੀ ਸਖ਼ਤ ਨਿੰਦਾ ਕਰਦੇ ਹਾਂ। ਬੈਂਸ ਨੇ ਕਿਹਾ ਕਿ ਸਾਰਿਆਂ ਨੂੰ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਦੀ ਕਦਰ ਕਰਨੀ ਚਾਹੀਦੀ ਹੈ। ਰਾਜ ਸਰਕਾਰ ਅਧਿਆਪਕਾਂ ਲਈ ਇੱਕ ਸਹਾਇਕ ਅਤੇ ਅਨੁਕੂਲ ਮਾਹੌਲ ਸਿਰਜਣ ਲਈ ਵਚਨਬੱਧ ਹੈ ਜਿਸ ਵਿੱਚ ਉਹ ਆਪਣੀਆਂ ਸੇਵਾਵਾਂ ਬਿਹਤਰ ਢੰਗ ਨਾਲ ਦੇ ਸਕਣ। ਇਸ ਤਰ੍ਹਾਂ ਦੀ ਟਿੱਪਣੀ ਸਹੀ ਨਹੀਂ ਹੈ।
ਜਿਕਰਯੋਗ ਹੈ ਕਿ ‘ਆਪ’ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਨੇ ਹਾਲ ਹੀ ‘ਚ ਸਕੂਲ ਦੇ ਇਕ ਸਮਾਗਮ ‘ਚ ਸਿੱਖਿਆ ਕ੍ਰਾਂਤੀ ਪ੍ਰੋਗਰਾਮ ‘ਚ ਸਹੀ ਪ੍ਰਬੰਧ ਨਾ ਕਰਨ ‘ਤੇ ਅਧਿਆਪਕਾਂ ਨੂੰ ਝਿੜਕਿਆ ਸੀ।ਪਿਛਲੇ ਦਿਨੀਂ ਰਾਜ ਵਿਆਪੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਮਾਣਾ ਦੇ ‘ਸਕੂਲ ਆਫ ਐਮੀਨੈਂਸ’ ਵਿੱਚ ਇਕਮਾਤਰ ਚਾਰਦੀਵਾਰੀ ਦੇ ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅਧਿਆਪਕਾਂ ਖ਼ਿਲਾਫ਼ ‘ਅਪਸ਼ਬਦ’ ਵਰਤੇ ਸਨ। ਜੌੜਾਮਾਜਰਾ ਸਕੂਲ ਵਿਚ ਕੀਤੇ ਪ੍ਰਬੰਧ ਦੇਖ ਕੇ ਭੜਕ ਗਏ ਸਨ।
Published on: ਅਪ੍ਰੈਲ 10, 2025 1:36 ਬਾਃ ਦੁਃ