ਲੁਧਿਆਣਾ, 10 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅੱਜ ਵੀਰਵਾਰ ਨੂੰ ਲੁਧਿਆਣਾ ਵਿੱਚ ਸਿੱਖ ਜਥੇਬੰਦੀਆਂ ਨੇ ਪੰਜਾਬੀ ਫ਼ਿਲਮ ‘ਅਕਾਲ’ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਫਿਲਮ ਨੂੰ ਰੋਕਣ ਲਈ ਨਿਹੰਗ ਸਿੰਘ ਵੇਵ ਮਾਲ ਵਿੱਚ ਦਾਖਲ ਹੋਏ ਅਤੇ ਸਿਨੇਮਾ ਮਾਲਕ ਨੂੰ ਫਿਲਮ ਰੋਕਣ ਲਈ ਕਿਹਾ। ਸਿਨੇਮਾ ਹਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਥਾਣਾ ਸਰਾਭਾ ਨਗਰ ਦੇ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਪੁੱਜੇ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸਿੱਖ ਯੂਥ ਪਾਵਰ ਦੇ ਮੁਖੀ ਪ੍ਰਦੀਪ ਸਿੰਘ ਇਆਲੀ ਨੇ ਕਿਹਾ ਕਿ ਸਿੱਖਾਂ ਦੇ ਕਿਰਦਾਰਾਂ ’ਤੇ ਬਣ ਰਹੀਆਂ ਫਿਲਮਾਂ ਨਹੀਂ ਬਣਨ ਦਿੱਤੀਆਂ ਜਾਣੀਆਂ ਚਾਹੀਦੀਆਂ। ਅਦਾਕਾਰ ਗਿੱਪੀ ਗਰੇਵਾਲ ਇੱਕ ਪਾਸੇ ਤਾਂ ਸਾਧਾਰਨ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ ਅਤੇ ਦੂਜੇ ਪਾਸੇ ਫਿਲਮ ਵਿੱਚ ਉਹ ਇੱਕ ਨਿਹੰਗ ਸਿੰਘ ਦੇ ਬਾਣੇ ਵਿੱਚ ਨਜ਼ਰ ਆ ਰਹੇ ਹਨ। ਬਾਣੇ ਦਾ ਸਰੂਪ ਬਦਲਣਾ ਧਰਮ ਦੇ ਵਿਰੁੱਧ ਹੈ।
ਉਨ੍ਹਾਂ ਕਿਹਾ ਕਿ ਗਿੱਪੀ ਗਰੇਵਾਲ ਕਈ ਫਿਲਮਾਂ ‘ਚ ਔਰਤਾਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ, ਜਦਕਿ ਗਿੱਪੀ ਗਰੇਵਾਲ ਨੇ ਹੁਣ ਬਾਣਾ ਪਾਇਆ ਹੋਇਆ ਹੈ। ਸਾਡਾ ਵਿਰੋਧ ਇਸ ਮੁੱਦੇ ਨੂੰ ਲੈ ਕੇ ਹੈ। ਅਜਿਹੇ ਲੋਕ ਸਿੱਖਾਂ ਦਾ ਰੋਲ ਨਹੀਂ ਨਿਭਾ ਸਕਦੇ। ਸਿੱਖਾਂ ਦੇ ਸ਼ਹੀਦੀ ਸਥਾਨ ਹਨ। ਇਹ ਸਿੱਖਾਂ ਦਾ ਇਤਿਹਾਸ ਹੈ, ਲੋਕਾਂ ਨੂੰ ਪੜ੍ਹਨਾ ਚਾਹੀਦਾ ਹੈ।
ਅੱਜ ਤਕਰੀਬਨ ਹਰ ਪਾਸੇ ਇਹ ਪ੍ਰਦਰਸ਼ਨ ਹੋ ਰਹੇ ਹਨ। ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਫਿਲਮ ਨੂੰ ਬਣਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ।
Published on: ਅਪ੍ਰੈਲ 10, 2025 6:19 ਬਾਃ ਦੁਃ