ਪੰਜਾਬ ਸਰਕਾਰ ਸਕੂਲਾਂ ‘ਚ ਸਿਆਸੀ ਦਖਲਅੰਦਾਜ਼ੀ ਬੰਦ ਕਰੇ
ਪਟਿਆਲਾ, 10 ਅਪ੍ਰੈਲ, ਦੇਸ਼ ਕਲਿੱਕ ਬਿਓਰੋ
Jaure Majra apology: DTF ਵੱਲੋਂ ਬੀਤੇ ਦਿਨ ਸਮਾਣਾ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਨੂੰ ਬੋਲੇ ਅਪ-ਸ਼ਬਦਾਂ ਨੂੰ ਲੈ ਕੇ ਅਧਿਆਪਕ ਵਰਗ ਸਮੇਤ ਸਮਾਜ ਦੇ ਚਿੰਤਨਸ਼ੀਲ ਵਰਗ ਵਿੱਚ ਪਾਏ ਜਾ ਰਹੇ ਗੁੱਸੇ ਦੇ ਮੱਦੇਨਜ਼ਰ ਪਹਿਲਾਂ ਸਿੱਖਿਆ ਮੰਤਰੀ ਸ੍ਰੀ ਹਰਜੋਤ ਬੈਂਸ ਵੱਲੋਂ ਸ੍ਰੀ ਚੇਤਨ ਸਿੰਘ ਜੋੜੇਮਾਜਰਾ ਦੀ ਨਿਖੇਧੀ ਕਰਨ ਅਤੇ ਹੁਣ ਵਿਧਾਇਕ ਜੋੜੇਮਾਜਰਾ ਵੱਲੋਂ ਬਿਨਾ ਸ਼ਰਤ ਅਧਿਆਪਕ ਵਰਗ ਤੋਂ ਮੰਗੀ ਮਆਫੀ (Joure Majra apology) ‘ਤੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (DTF), 6635 ਈਟੀਟੀ ਅਧਿਆਪਕ ਯੂਨੀਅਨ ਅਤੇ 4161 ਮਾਸਟਰ ਕਾਡਰ ਯੂਨੀਅਨ ਨੇ ਤਸੱਲੀ ਪ੍ਰਗਟ ਕੀਤੀ ਹੈ ਅਤੇ ਸ੍ਰੀ ਜੋੜੇਮਾਜਰਾ ਨੂੰ ਭਵਿੱਖ ਵਿੱਚ ਸੁਚੇਤ ਰਹਿਣ ਦੀ ਤਾਕੀਦ ਵੀ ਕੀਤੀ। ਇਸ ਦੇ ਮੱਦੇਨਜ਼ਰ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕਾਂ ਦੀ ਸਨਮਾਨ ਬਹਾਲੀ ਨੂੰ ਲੈ ਕੇ 11 ਅਪ੍ਰੈਲ ਨੂੰ ਜਿਲ੍ਹਾ ਕੇਂਦਰਾਂ ‘ਤੇ ਐਲਾਨੇ ਪੁਤਲਾ ਫੂਕ ਪ੍ਰਦਰਸ਼ਨਾਂ ਦਾ ਪ੍ਰੋਗਰਾਮ ਰੱਦ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਅਧਿਆਪਕ ਮੰਗਾਂ ਨੂੰ ਲੈ ਕੇ ਜਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਸਿੱਖਿਆ ਮੰਤਰੀ ਵੱਲ ‘ਮੰਗ ਪੱਤਰ’ ਭੇਜਣ ਦਾ ਪਹਿਲਾਂ ਐਲਾਨੇ ਪ੍ਰੋਗਰਾਮ ਬਰਕਰਾਰ ਰਹਿਣਗੇ।
ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜੀਆਂਵਾਲੀ, 6635 ਈਟੀਟੀ ਟੀਚਰ ਯੂਨੀਅਨ ਤੋਂ ਸੂਬਾ ਪ੍ਰਧਾਨ ਦੀਪਕ ਕੰਬੋਜ਼ ਤੇ ਸੂਬਾ ਆਗੂ ਸ਼ਲਿੰਦਰ ਕੰਬੋਜ਼, 4161 ਮਾਸਟਰ ਕਾਡਰ ਯੂਨੀਅਨ ਤੋਂ ਬਲਕਾਰ ਮਘਾਣੀਆਂ ਅਤੇ ਸੰਦੀਪ ਗਿੱਲ ਨੇ ਸਪੱਸ਼ਟ ਕੀਤਾ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਪਹਿਲਾ ਹੀ ‘ਕਥਿਤ’ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਨੂੰ ਸਕੂਲਾਂ ਦੇ ਉਸਾਰੂ ਵਿੱਦਿਅਕ ਮਾਹੌਲ ਦੇ ਪ੍ਰਤੀਕੂਲ ਮੰਨਦੇ ਰੋਕ ਲਗਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਲੈ ਕੇ ਉਹ ਅੱਜ ਵੀ ਬੇਜਿਦ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਿੰਸੀਪਲਾਂ, ਅਧਿਆਪਕਾਂ ਦੀਆਂ ਖਾਲੀ ਹਜ਼ਾਰਾਂ ਅਸਾਮੀਆਂ ਭਰਦਿਆਂ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਅਤੇ ਵਿੱਦਿਅਕ ਕਲੰਡਰ ਤਿਆਰ ਕੀਤੇ ਜਾਣ ਅਤੇ ਸਰਕਾਰੀ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਪ੍ਰਭਾਵਿਤ ਕਰ ਰਹੇ ਉਦਘਾਟਨੀ ਸਮਾਰੋਹਾਂ ਦੇ ਫੈਸਲੇ ਨੂੰ ਵਾਪਿਸ ਲੈਣ ‘ਤੇ ਪੁਨਰ ਵਿਚਾਰ ਕੀਤਾ ਜਾਵੇ। ਡੈਮੋਕ੍ਰੈਟਿਕ ਟੀਚਰ ਫਰੰਟ ਅਤੇ ਬਾਕੀ ਜਥੇਬੰਦੀਆਂ ਵੱਲੋਂ ਸਮਾਜ ਦੇ ਸਮੂਹ ਚਿੰਤਨਸ਼ੀਲ ਧਿਰਾਂ ਸਮੇਤ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ, ਜਿਹਨਾਂ ਇਸ ਮਾਮਲੇ ਦੇ ਉੱਪਰ ਅਧਿਆਪਕ ਵਰਗ ਦਾ ਸਾਥ ਦਿੱਤਾ, ਦਾ ਧੰਨਵਾਦ ਕਰਦੇ ਹੋਏ ਭਵਿੱਖ ‘ਚ ਵੀ ਅਜਿਹੇ ‘ਨਿੱਘੇ ਸਹਿਯੋਗ’ ਦੀ ਆਸ ਕੀਤੀ ਹੈ।
Published on: ਅਪ੍ਰੈਲ 10, 2025 5:05 ਬਾਃ ਦੁਃ