ਪਟਿਆਲਾ, 11 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪਟਿਆਲਾ ਵਿੱਚ ਵੀਰਵਾਰ ਦੇਰ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਵੀਰਵਾਰ ਦੇਰ ਰਾਤ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਇੱਕ ਦਫ਼ਤਰ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ।ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਰਾਜਿੰਦਰ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 50 ਸਾਲਾ ਮਹਿੰਦਰ ਸਿੰਘ ਉਰਫ਼ ਮਾਮਾ ਵਜੋਂ ਹੋਈ ਹੈ।
ਮੌਕੇ ’ਤੇ ਪੁੱਜੇ ਡੀਐਸਪੀ ਸਿਟੀ 1 ਸਤਨਾਮ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਉਰਫ਼ ਮਾਮਾ ਆਪਣੇ ਕਿਸੇ ਜਾਣਕਾਰ ਨਾਲ ਬੱਸ ਸਟੈਂਡ ਨੇੜੇ ਦਫ਼ਤਰ ਵਿੱਚ ਬੈਠਾ ਸੀ। ਦੋਵੇਂ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਦੋਵਾਂ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਮਹਿੰਦਰ ਸਿੰਘ ’ਤੇ ਤਿੰਨ ਗੋਲੀਆਂ ਚਲਾਈਆਂ, ਜੋ ਉਸ ਦੇ ਸਿਰ ਅਤੇ ਛਾਤੀ ਵਿੱਚ ਲੱਗੀਆਂ। ਗੋਲੀ ਲੱਗਣ ਕਾਰਨ ਮਹਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਕੋਲੋਂ 32 ਬੋਰ ਦਾ ਲਾਇਸੈਂਸੀ ਰਿਵਾਲਵਰ ਬਰਾਮਦ ਹੋਇਆ ਹੈ, ਪਰ ਜਾਪਦਾ ਹੈ ਕਿ ਉਸ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਦਫਤਰ ਕਤਲ ਕੀਤੇ ਗਏ ਵਿਅਕਤੀ ਦਾ ਹੈ ਅਤੇ ਉਸ ਦੀ ਲਾਸ਼ ਉਥੇ ਕੁਰਸੀ ‘ਤੇ ਪਈ ਸੀ। ਮੁਲਜ਼ਮ ਦੀ ਪਛਾਣ ਹਨੀ ਵਜੋਂ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਡੀਐਸਪੀ ਨੇ ਦੱਸਿਆ ਕਿ ਫਿਲਹਾਲ ਦੋਵਾਂ ਵਿਚਾਲੇ ਲੜਾਈ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Published on: ਅਪ੍ਰੈਲ 11, 2025 9:32 ਪੂਃ ਦੁਃ