ਮੋਰਿੰਡਾ 11 ਅਪ੍ਰੈਲ ਭਟੋਆ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਵੱਲੋਂ ਕਿਸਾਨੀ ਮਸਲਿਆਂ ਨੂੰ ਲੋਕ ਸਭਾ ਵਿੱਚ ਉਭਾਰਨ ਅਤੇ ਕਿਸਾਨੀ ਮੰਗਾਂ ਸਬੰਧੀ ਕੀਤੀਆਂ ਹਾਂ ਪੱਖੀ ਸਿਫਾਰਿਸ਼ਾਂ ਨੂੰ ਲੈ ਕੇ ਇੱਕ ਪ੍ਰਭਾਵਸ਼ਾਲੀ ਇਕੱਠ ਵਿਚ ਸਨਮਾਨਿਤ ਕੀਤਾ ਗਿਆ , ਅਤੇ ਸਾਲ 2027 ਦੀਆਂ ਚੋਣਾਂ ਵਿੱਚ ਸ੍ਰੀ ਚੰਨੀ ਨੂੰ ਪੂਰਨ ਸਮਰਥਨ ਦੇ ਕੇ ਮੁੜ ਤੋਂ ਪੰਜਾਬ ਦੇ ਮੁੱਖ ਮੰਤਰੀ ਬਣਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਤੋਂ ਪਹਿਲਾਂ ਸ੍ਰੀ ਚੰਨੀ ਨੇ ਕਿਸਾਨਾਂ ਅਤੇ ਕਾਂਗਰਸੀ ਆਗੂਆਂ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਉਹਨਾਂ ਦੀ ਚੇਅਰਮੈਨਸ਼ਿਪ ਹੇਠ ਖੇਤੀਬਾੜੀ, ਕਿਸਾਨ ਭਲਾਈ, ਪਸ਼ੂ ਪਾਲਣ, ਡੇਅਰੀ , ਸਹਿਕਾਰਤਾ ,ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਆਦਿ ਵਿਭਾਗਾਂ ਦੀ ਬਣਾਈ ਗਈ 31 ਮੈਂਬਰੀ ਸਟੈਂਡਿੰਗ ਕਮੇਟੀ ਵੱਲੋ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਭਲਾਈ ਸਮੇਤ,
ਹੋਰ ਵੱਖ ਵੱਖ ਵਿਸ਼ਿਆ ਤੇ ਕੇਂਦਰ ਸਰਕਾਰ ਨੂੰ 12 ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਹਨ। ਜਿਨਾਂ ਵਿੱਚ ਕਿਸਾਨਾਂ ਨੂੰ ਐਮਐਸਪੀ ਦੀ ਲੀਗਲ ਗਰੰਟੀ ਦੇਣਾ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜਾ ਮੁਆਫ ਕਰਨਾ, ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਝੋਨੇ ਦੀ ਐਮਐਸਪੀ ਤੋਂ 100 ਰੁਪਏ ਪ੍ਰਤੀ ਕੁਇੰਟਲ ਵਾਧੂ ਦੇਣਾ, ਗਊਸ਼ਾਲਾਵਾਂ ਨੂੰ ਮਜਬੂਤ ਕਰਨਾ ਅਤੇ ਦੁੱਧ ਦੇਣ ਤੋ ਹਟਣ ਵਾਲੇ ਬਿਰਧ ਪਸ਼ੂਆਂ ਦੀ ਸਾਂਭ-ਸੰਭਾਲ ਲਈ ਪਸ਼ੂ ਪਾਲਕਾਂ ਨੂੰ ਗਊਸ਼ਾਲਾਵਾਂ ਦੀ ਤਰਾਂ ਸਿੱਧੇ ਤੌਰ ਤੇ ਆਰਥਿਕ ਸਹਾਇਤਾ ਦੇਣਾ ਅਤੇ ਕਿਸਾਨ ਵਿਕਾਸ ਭਲਾਈ ਵਿਭਾਗ ਦਾ ਨਾਮ ਬਦਲ ਕੇ ਕਿਸਾਨ ਤੇ ਖੇਤ ਮਜ਼ਦੂਰ ਭਲਾਈ ਵਿਭਾਗ ਕਰਨਾ ਤਾਂ ਜੋ ਖੇਤ ਮਜ਼ਦੂਰਾਂ ਨੂੰ ਵੀ ਕਿਸਾਨਾਂ ਦੀ ਤਰ੍ਹਾਂ ਇਸ ਵਿਭਾਗ ਤੋਂ ਸਹੂਲਤਾਂ ਮਿਲ ਸਕਣ ਆਦਿ ਕਿਸਾਨ ਤੇ ਖੇਤ ਮਜ਼ਦੂਰ ਪੱਖੀ ਸਿਫਾਰਿਸ਼ਾਂ ਸ਼ਾਮਿਲ ਹਨ ਜਿਨਾਂ ਕਾਰਨ ਇਲਾਕੇ ਦੇ ਕਿਸਾਨਾਂ ਵੱਲੋਂ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ ਗਿਆ ਹੈ ਜਿਸ ਲਈ ਉਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਤੇ ਉਨਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਵੱਲੋਂ ਟਵੀਟ ਕਰਕੇ ਇਹਨਾਂ ਸਿਫਾਰਸ਼ਾਂ ਦੀ ਪਰੋੜਤਾ ਕਰਨ ਲਈ ਸ਼੍ਰੀ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆ ਕਿਹਾ ਕਿ ਸ੍ਰੀ ਗਾਂਧੀ ਕਿਸਾਨ ਅਤੇ ਮਜ਼ਦੂਰ ਪੱਖੀ ਆਗੂ ਹਨ ਅਤੇ ਉਹ ਅਕਸਰ ਲੋਕ ਸਭਾ ਵਿੱਚ ਵੀ ਕਿਸਾਨਾਂ ਤੇ ਮਜ਼ਦੂਰਾਂ ਦੀ ਭਲਾਈ ਲਈ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਸ੍ਰੀ ਚੰਨੀ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਕਿਸਾਨਾਂ ਤੇ ਮਜ਼ਦੂਰਾਂ ਲਈ ਬਹੁਤ ਕੁਝ ਕਰਨ ਲੋਚਦੇ ਹਨ ਅਤੇ ਜਦੋਂ ਵੀ ਉਹਨਾਂ ਨੂੰ ਅਜਿਹਾ ਕਰਨ ਦਾ ਮੌਕਾ ਮਿਲਿਆ ਤਾਂ ਉਹ ਇਸ ਸਬੰਧੀ ਜਰੂਰ ਉਪਰਾਲੇ ਕਕਰਨਗੇ। ਕਾਂਗਰਸੀ ਅਧਿਵੇਸ਼ਨ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਚੰਨੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਘੱਟ ਗਿਣਤੀਆਂ, ਦਲਿਤਾਂ, ਪਿਛੜੇ ਵਰਗਾਂ ਅਤੇ ਆਦਿਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਮਿਡਲ ਕਲਾਸ ਤੇ ਜਨਰਲ ਵਰਗ ਦੇ ਗਰੀਬ ਲੋਕਾਂ ਨੂੰ ਅੱਗੇ ਲਿਜਾਣ ਲਈ ਕੰਮ ਕਰੇਗੀ। ਲੁਧਿਆਣਾ ਦੀ ਉਪ ਚੋਣ ਵਿੱਚ ਸ੍ਰੀ ਭਾਰਤ ਭੂਸ਼ਨ ਆਸ਼ੂ ਨੂੰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਬਣਾਉਣ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਸ਼੍ਰੀ ਚੰਨੀ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸ੍ਰੀ ਆਸ਼ੂ ਤੇ ਬਹੁਤ ਤਰ੍ਹਾਂ ਦੇ ਦੋਸ਼ ਲਗਾ ਕੇ ਜੇਲ ਭੇਜਿਆ ਸੀ ਪ੍ਰੰਤੂ ਹਾਈਕੋਰਟ ਵੱਲੋਂ ਸ੍ਰੀ ਆਸ਼ੂ ਵਿਰੁੱਧ ਦਰਜ ਮੁਕਦਮੇ ਨੂੰ ਰੱਦ ਕਰਕੇ ਅਤੇ ਕਲੀਨ ਚਿੱਟ ਦੇਣ ਨਾਲ ਮੌਜੂਦਾ ਸਰਕਾਰ ਨੂੰ ਮੂੰਹ ਦੀ ਖਾਣੀ ਪਈ, ਜਿਸ ਨਾਲ ਸ੍ਰੀ ਆਸ਼ੂ ਦੇ ਕੱਦ ਵਿੱਚ ਹੋਰ ਵਾਧਾ ਹੋਇਆ ਹੈ ਅਤੇ ਉਹ ਇਹ ਉਪ ਚੋਣ ਵੱਡੇ ਅੰਤਰ ਨਾਲ ਜਿੱਤਣਗੇ। ਕਾਂਗਰਸ ਵਿਚ ਫੁੱਟ ਦੀਆਂ ਖਬਰਾਂ ਨੂੰ ਪੂਰੀ ਤਰਾਂ ਰੱਦ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰਾਂ ਇੱਕਜੁੱਟ ਹੈ ਅਤੇ ਇਹ ਉਪ ਚੋਣ ਸ਼ਾਨੋ-ਸ਼ੌਕਤ ਨਾਲ ਜਿੱਤੇਗੀ।
ਇਸ ਮੌਕੇ ਤੇ ਕਿਸਾਨ ਆਗੂ ਕੁਲਵੰਤ ਸਿੰਘ ਰੁੜਕੀ, ਦਵਿੰਦਰ ਸਿੰਘ ਦੇਹਕਲਾਂ, ਜਸਪਾਲ ਸਿੰਘ ਲਾਡਰਾਂ, ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ, ਅਵਤਾਰ ਸਿੰਘ ਲੁਠੇੜੀ, ਸਲਿੰਦਰਜੀਤ ਸਿੰਘ ਘੋਗਾ ,ਕੇਹਰ ਸਿੰਘ ਅਮਰਾਲੀ , ਇਕਬਾਲ ਸਿੰਘ ਡੂਮਛੇੜੀ, ਅਤੇ ਦਰਸ਼ਨ ਸਿੰਘ ਸੰਧੂ ਵੱਲੋਂ ਸ੍ਰੀ ਚੰਨੀ ਨੂੰ ਯਾਦਗਾਰੀ ਚਿੰਨ ਅਤੇ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਹਰਪਾਲ ਸਿੰਘ ਬਮਨਾੜਾ ਨਾਗਰ ਸਿੰਘ ਧੜਾਕ, ਕਸ਼ਮੀਰਾ ਸਿੰਘ ਬਲਦੇਵ ਨਗਰ, ਗੁਰਵਿੰਦਰ ਸਿੰਘ ਕਕਰਾਲੀ ਸਾਬਕਾ ਚੇਅਰਮੈਨ, ਜੋਗਿੰਦਰ ਸਿੰਘ ਬੰਗੀਆਂ ਸਾਬਕਾ ਸਰਪੰਚ ਜਤਿੰਦਰ ਪਾਲ ਸਿੰਘ ਬੰਗੀਆਂ , ਨੰਬਰਦਾਰ ਰੁਪਿੰਦਰ ਸਿੰਘ ਭਿੱਚਰਾ, ਸੁਰਿੰਦਰ ਕੁਮਾਰ ਕੈਰੋਂ, ਬਲਜਿੰਦਰ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।
Published on: ਅਪ੍ਰੈਲ 11, 2025 3:44 ਬਾਃ ਦੁਃ