ਐਸ ਏ ਐਸ ਨਗਰ, 12 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸੰਗਠਿਤ ਅਪਰਾਧ ਵਿਰੁੱਧ ਚੱਲ ਰਹੀ ਲੜਾਈ ਚ ਅੱਜ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਜ਼ਿਲ੍ਹਾ ਐਸ ਏ ਐਸ ਨਗਰ ਪੁਲਿਸ ਨੇ ਅੰਬਾਲਾ-ਡੇਰਾਬੱਸੀ ਹਾਈਵੇਅ ‘ਤੇ ਸਥਿਤ ਰੇਲਵੇ ਅੰਡਰ-ਬ੍ਰਿਜ ਦੇ ਨੇੜੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਵਿਦੇਸ਼-ਅਧਾਰਤ ਗੈਂਗਸਟਰ ਤੋਂ ਅੱਤਵਾਦੀ ਬਣੇ ਗੋਲਡੀ ਬਰਾੜ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਤੇ ਗੰਭੀਰ ਅਪਰਾਧਿਕ ਵਾਰਦਾਤ ਨੂੰ ਟਾਲ ਦਿੱਤਾ।
ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਦੀਪਕ ਪਾਰੀਕ, ਆਈ ਪੀ ਐਸ, ਐਸ ਐਸ ਪੀ, ਐਸ ਏ ਐਸ ਨਗਰ ਨੇ ਦੱਸਿਆ ਕਿ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਾਰਤਿਕ ਸਿੰਘ ਉਰਫ਼ ਰਵੀ, ਵਾਸੀ ਨਾਰਾਇਣਗੜ੍ਹ, ਅੰਬਾਲਾ, (ਹਰਿਆਣਾ), ਅਤੇ ਦੀਪਕ ਉਰਫ਼ ਦੀਪੂ ਵਾਸੀ ਜਗਾਧਰੀ, (ਹਰਿਆਣਾ), ਜੋ ਕਿ ਮੌਜੂਦਾ ਸਮੇਂ ਡੇਰਾਬੱਸੀ ਵਿੱਚ ਰਹਿੰਦਾ ਹੈ, ਵਜੋਂ ਹੋਈ ਹੈ।
ਐਸ ਐਸ ਪੀ ਦੀਪਕ ਪਾਰੀਕ ਨੇ ਅੱਗੇ ਦੱਸਿਆ ਕਿ ਦੋਵਾਂ ਨੂੰ ਉਨ੍ਹਾਂ ਦੇ ਹੈਂਡਲਰ ਗੋਲਡੀ ਬਰਾੜ ਅਤੇ ਭਾਨੂ ਰਾਣਾ ਦੇ ਨਿਰਦੇਸ਼ਾਂ ‘ਤੇ ਡੇਰਾਬੱਸੀ ਦੇ ਕਾਲਜ ਰੋਡ ‘ਤੇ ਸਥਿਤ ਇੱਕ ਇਮੀਗ੍ਰੇਸ਼ਨ ਦਫ਼ਤਰ ‘ਤੇ ਗੋਲੀਬਾਰੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਐਸ ਐਸ ਪੀ ਨੇ ਕਿਹਾ, “ਭਰੋਸੇਯੋਗ/ਪੁਖ਼ਤਾ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਪੁਲਿਸ ਟੀਮਾਂ ਨੇ ਉਨ੍ਹਾਂ ਨੂੰ ਹਮਲਾ ਕਰਨ/ਪੀੜਤ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਹੀ ਕਾਮਯਾਬੀ ਨਾਲ ਰੋਕ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ।”
ਹੋਰ ਵੇਰਵੇ ਦਿੰਦੇ ਹੋਏ, ਐਸ ਐਸ ਪੀ ਨੇ ਕਿਹਾ ਕਿ ਗੋਲਡੀ ਬਰਾੜ ਗੈਂਗ ਨੇ ਇਮੀਗ੍ਰੇਸ਼ਨ ਦਫ਼ਤਰ ਵਿਖੇ 50 ਲੱਖ ਰੁਪਏ ਦੀ ਮੰਗ ਕਰਨ ਵਾਲੀ ਫਿਰੌਤੀ ਪਰਚੀ ਸੁੱਟੀ ਸੀ, ਜਿਸ ਤੇ ਕਾਰਵਾਈ ਕਰਦੇ ਹੋਏ, ਬੀ ਐਨ ਐਸ ਦੀਆਂ ਧਾਰਾਵਾਂ 308(2), 351(1), ਅਤੇ 351(3) ਦੇ ਤਹਿਤ ਐਫ ਆਈ ਆਰ ਨੰਬਰ 89, ਮਿਤੀ 10-04-2025, ਥਾਣਾ ਡੇਰਾਬੱਸੀ ਵਿਖੇ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਉਪਰੰਤ, “ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦੇ ਨਿਰਦੇਸ਼ਾਂ ‘ਤੇ, ਮੁਲਜ਼ਮਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਫੜਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ। ਐਸ ਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀ ਐਸ ਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਟੀਮ ਨੇ ਇਲਾਕੇ ਤੋਂ ਸੁਰਾਗ ਅਤੇ ਸੀ ਸੀ ਟੀ ਵੀ ਫੁਟੇਜ ਇਕੱਠੇ ਕੀਤੇ, ਜਿਸ ਨਾਲ ਇੱਕ ਮੁਲਜ਼ਮ ਦੀ ਪਛਾਣ ਕਰਨ ਵਿੱਚ ਸਫਲਤਾ ਮਿਲੀ”।
ਇਸ ਕਰਵਾਈ ਸੰਬੰਧੀ ਵਧੇਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ, ਐਸ ਐਸ ਪੀ ਨੇ ਕਿਹਾ, “ਅੱਜ, ਦੋਵਾਂ ਦੇ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਾਰੇ ਮਿਲੀ ਸੂਹ ‘ਤੇ ਤੁਰੰਤ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਅੰਬਾਲਾ-ਡੇਰਾਬੱਸੀ ਹਾਈਵੇਅ ‘ਤੇ ਰੇਲਵੇ ਅੰਡਰ-ਬ੍ਰਿਜ ਦੇ ਨੇੜੇ ਕਾਬੂ ਕਰਨ ਦੀ ਯੋਜਨਾ ਬਣਾਈ ਗਈ ਤਾਂ ਜੋ ਉਨ੍ਹਾਂ ਨੂੰ ਰੋਕਿਆ ਜਾ ਸਕੇ ਅਤੇ ਫੜਿਆ ਜਾ ਸਕੇ। ਕਾਰਵਾਈ ਦੌਰਾਨ, ਮੁਲਜ਼ਮਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਵਿੱਚ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ, ਮੁਲਜ਼ਮ ਰਵੀ ਦੀ ਖੱਬੀ ਲੱਤ ‘ਤੇ ਗੋਲੀ ਲੱਗੀ। ਚਾਰ ਕਾਰਤੂਸਾਂ ਦੇ ਨਾਲ ਇੱਕ .32 ਕੈਲੀਬਰ ਪਿਸਤੌਲ ਵੀ ਬਰਾਮਦ ਕੀਤਾ ਗਿਆ।
ਐਸ ਐਸ ਪੀ ਨੇ ਅੱਗੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਯਮੁਨਾਨਗਰ ਦੇ ਰਹਿਣ ਵਾਲੇ ਭਾਨੂ ਰਾਣਾ ਰਾਹੀਂ ਗੈਂਗਸਟਰ ਤੋਂ ਅੱਤਵਾਦੀ ਬਣੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਏ ਸਨ, ਜੋ ਕਿ ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ। “ਇਸ ਇਮੀਗ੍ਰੇਸ਼ਨ ਦਫ਼ਤਰ ਨੂੰ ਸਤੰਬਰ 2024 ਵਿੱਚ ਵੀ ਇਸੇ ਗਿਰੋਹ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ”, ਐਸ ਐਸ ਪੀ ਨੇ ਅੱਗੇ ਖੁਲਾਸਾ ਕਰਦਿਆਂ ਦੱਸਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਬੀ ਐਨ ਐਸ ਦੀ ਧਾਰਾ 103 ਅਤੇ 25 (6)(7) ਅਸਲਾ ਐਕਟ ਦੇ ਤਹਿਤ 12-04-2025 ਨੂੰ ਐਸ ਏ ਐਸ ਨਗਰ ਜ਼ਿਲ੍ਹੇ ਦੀ ਡੇਰਾਬੱਸੀ ਸਬ ਡਵੀਜ਼ਨ ਦੇ ਪੁਲਿਸ ਸਟੇਸ਼ਨ ਲਾਲੜੂ ਵਿਖੇ ਇੱਕ ਤਾਜ਼ਾ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
Published on: ਅਪ੍ਰੈਲ 12, 2025 7:41 ਬਾਃ ਦੁਃ