ਸਕੂਲ, ਪੈਟਰੋਲ ਪੰਪ ਦੇ ਬਾਹਰ ਕੀਤੀ ਸੀ ਫਾਈਰਿੰਗ
ਤਰਨਤਾਰਨ, 12 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪੰਜਾਬ ਪੁਲਿਸ ਤੇ ਇਕ ਬਦਮਾਸ਼ ਵਿੱਚਕਾਰ ਮੁਕਾਬਲਾ ਹੋਣ ਦੀ ਖ਼ਬਰ ਹੈ। ਮੁਕਾਬਲੇ ਤੋਂ ਬਾਅਦ ਪੁਲਿਸ ਨੇ ਇਕ ਲੋੜੀਂਦੇ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ। ਤਰਨਤਾਰਨ ਦੇ ਪਿੰਡ ਠਾਕਰਪੁਰਾ ਵਿੱਚ ਪੁਲਿਸ ਨਾਲ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਬਦਮਾਸ਼ ਹਰਿੰਦਰ ਸਿੰਘ ਦੇ ਪੈਰ ਵਿੱਚ ਗੋਲੀ ਲੱਗੀ ਹੈ। ਹਰਿੰਦਰ ਸਿੰਘ ਗੈਂਗਸਟਰ ਪ੍ਰਭ ਦਾਸੂਵਾਲ ਗੈਂਗ ਨਾਲ ਜੁੜਿਆ ਹੋਇਆ ਹੈ। ਮੁਕਾਬਲੇ ਦੌਰਾਨ ਗੈਂਗਸਟਰ ਦੇ ਪੈਰ ਵਿੱਚ ਗੋਲੀ ਲੱਗੀ ਜਿਸ ਕਾਰਨ ਉਸ ਨੂੰ ਪੱਟੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਸ ਵੱਲੋਂ ਕੁਝ ਦਿਨਾਂ ਤੋਂ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਡੀਐਸਪੀ ਲਵਕੇਸ਼ ਸੈਣੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਤਿੰਨ ਘਟਨਾਵਾਂ ਹੋਈਆਂ ਹਨ। ਖੇਮਕਰਨ ਪੈਟਰੋਲ ਪੰਪ ਦੇ ਬਾਹਰ ਫਾਈਰਿੰਗ, ਇਕ ਵਕੀਲ ਦੇ ਘਰ ਬਾਰ ਫਾਈਰਿੰਗ ਅਤੇ ਇਕ ਸਕੂਲ ਦੇ ਬਾਹਰ ਫਾਈਰਿੰਗ ਹੋਈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅਪਰਾਧੀ ਪ੍ਰਭ ਦਾਸੂਵਾਲ ਦਾ ਸਹਿਯੋਗੀ ਹੈ ਅਤੇ ਪੱਟੀ ਵੱਲ ਜਾ ਰਿਹਾ ਹੈ। ਜਿਵੇਂ ਹੀ ਐਸਐਚਓ ਨੂੰ ਪਤਾ ਲਗਿਆ ਤਾਂ ਉਨ੍ਹਾਂ ਨਾਕਾਬੰਦੀ ਕੀਤੀ। ਜਦੋਂ ਉਸਨੇ ਪੁਲਿਸ ਨੁੰ ਦੇਖਿਆ ਤਾਂ ਪੁਲਿਸ ਪਾਰਟੀ ਉਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਬਚਾਅ ਲਈ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਉਸਦੇ ਪੈਰ ਵਿੱਚ ਗੋਲੀ ਲੱਗੀ ਹੈ। ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Published on: ਅਪ੍ਰੈਲ 12, 2025 8:38 ਪੂਃ ਦੁਃ