10 ਕੈਡਿਟਾਂ ਨੇ ਆਲ ਇੰਡੀਆ ਰੈਂਕਿੰਗ ਵਿੱਚ ਟੌਪ-100 ਵਿੱਚ ਸਥਾਨ ਹਾਸਲ ਕੀਤਾ
ਮੋਹਾਲੀ/ਚੰਡੀਗੜ੍ਹ, 12 ਅਪ੍ਰੈਲ: ਦੇਸ਼ ਕਲਿੱਕ ਬਿਓਰੋ
26 cadets selected NDA: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ 26 ਹੋਰ ਕੈਡਿਟਾਂ ਨੇ ਜੂਨ 2025 ਵਿੱਚ ਸ਼ੁਰੂ ਹੋਣ ਵਾਲੇ ਨੈਸ਼ਨਲ ਡਿਫੈਂਸ ਅਕੈਡਮੀ (26 cadets selected NDA)-154 ਕੋਰਸ ਲਈ ਯੂ.ਪੀ.ਐਸ.ਸੀ. ਆਲ ਇੰਡੀਆ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕੀਤਾ ਹੈ। ਪਟਿਆਲਾ ਤੋਂ ਕੈਡਿਟ ਆਰੀਅਨ ਸੋਫਥ ਨੇ ਆਲ ਇੰਡੀਆ ਰੈਂਕਿੰਗ ਵਿੱਚ 9ਵਾਂ ਰੈਂਕ ਪ੍ਰਾਪਤ ਕੀਤਾ ਹੈ, ਜਦੋਂਕਿ ਸੰਸਥਾ ਦੇ 10 ਕੈਡਿਟਾਂ ਨੇ ਮੈਰਿਟ ਦੇ ਟੌਪ-100 ਵਿੱਚ ਸਥਾਨ ਪ੍ਰਾਪਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਸੰਸਥਾ ਦੇ 34 ਕੈਡਿਟਾਂ, ਜਿਨ੍ਹਾਂ ਨੇ ਐਨ.ਡੀ.ਏ.-154 ਕੋਰਸ ਲਈ ਲਿਖਤੀ ਪ੍ਰੀਖਿਆ ਪਾਸ ਕੀਤੀ ਸੀ,
ਵਿੱਚੋਂ 26 ਕੈਡਿਟਾਂ ਨੇ ਐਸ.ਐਸ.ਬੀ. ਪਾਸ ਕਰ ਲਈ ਹੈ। ਹੁਣ ਇਹ ਕੈਡਿਟ ਆਪਣੇ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ।
ਆਰੀਅਨ ਸੋਫਥ ਤੋਂ ਇਲਾਵਾ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ 25 ਕੈਡਿਟਾਂ ਵਿੱਚ ਅਨਹਦ ਸਿੰਘ ਖਾਟੂਮਰੀਆ, ਮੋਹਨਪ੍ਰੀਤ ਸਿੰਘ, ਅਰਮਾਨਵੀਰ ਸਿੰਘ ਅਧੀ, ਭਾਸਕਰ ਜੈਨ, ਮਨਜੋਤ ਸਿੰਘ, ਨਿਮਿਤ ਸੋਨੀ, ਹਰਕੰਵਲ ਸਿੰਘ, ਉੇਧੇਬੀਰ ਸਿੰਘ ਨੰਦਾ, ਪ੍ਰਜਵੀਰ ਸਿੰਘ, ਅਦਿੱਤਿਆ ਮਿਸ਼ਰਾ, ਰਣਬੀਰ ਸਿੰਘ, ਇਸ਼ਮੀਤ ਸਿੰਘ, ਇਸ਼ਾਨ ਸ਼ਰਮਾ, ਸਮਰਵੀਰ ਸਿੰਘ ਹੀਰ, ਬਲਰਾਜ ਸਿੰਘ ਹੀਰਾ, ਅਭੈ ਪ੍ਰਤਾਪ ਸਿੰਘ ਢਿੱਲੋਂ, ਭੂਵਨ ਧੀਮਾਨ, ਹਰਮਨਪ੍ਰੀਤ ਸਿੰਘ, ਸਾਹਿਬ ਸਿੰਘ ਧਾਲੀਵਾਲ, ਦਿਵਾਂਸ਼ੂ ਸੰਧੂ (ਸਾਰੇ ਇਸ ਇੰਸਟੀਚਿਊਟ ਦੇ 13ਵੇਂ ਕੋਰਸ ਤੋਂ) ਅਤੇ ਭਾਵਿਕ ਕਾਂਸਲ, ਗੁਰਵੰਸ਼ਬੀਰ ਸਿੰਘ, ਓਜਸ ਗੈਂਤ, ਸ਼ਿਵੇਨ ਤਾਇਲ ਅਤੇ ਗਗਨਦੀਪ ਸਿੰਘ (ਸਾਰੇ 12ਵੇਂ ਕੋਰਸ ਤੋਂ) ਸ਼ਾਮਲ ਹਨ।
ਇਹ ਵੀ ਪੜ੍ਹੋ: ਮੈਲਬੌਰਨ ‘ਚ ਭਾਰਤੀ ਕੌਂਸਲੇਟ ਨੂੰ ਇੱਕ ਵਾਰ ਫਿਰ ਬਣਾਇਆ ਨਿਸ਼ਾਨਾ
ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਕੈਡਿਟ ਪੰਜਾਬ ਦਾ ਮਾਣ ਹਨ। ਉਨ੍ਹਾਂ ਨੇ ਕੈਡਿਟਾਂ ਨੂੰ ਉਨ੍ਹਾਂ ਦੀ ਸਿਖਲਾਈ ਅਤੇ ਕਰੀਅਰ ਲਈ ਵਧਾਈ ਵੀ ਦਿੱਤੀ।
ਸ਼੍ਰੀ ਅਰੋੜਾ ਨੇ ਕੈਡਿਟ ਗੁਨਜੋਤ ਸਿੰਘ (ਸੰਸਥਾ ਦੇ 7ਵੇਂ ਕੋਰਸ ਤੋਂ) ਅਤੇ ਕੈਡਿਟ ਆਰੀਅਨ ਦੱਤ (8ਵੇਂ ਕੋਰਸ) ਨੂੰ ਸ਼ਾਰਟ ਸਰਵਿਸ ਕਮਿਸ਼ਨ (ਟੈਕਨੀਕਲ) 64ਵੇਂ ਕੋਰਸ ਲਈ ਚੇਨੱਈ ਸਥਿਤ ਅਫਸਰ ਟ੍ਰੇਨਿੰਗ ਅਕੈਡਮੀ (ਓ.ਟੀ.ਏ.) ਲਈ ਉਨ੍ਹਾਂ ਦੀ ਚੋਣ ‘ਤੇ ਵਧਾਈ ਵੀ ਦਿੱਤੀ। ਕੈਡਿਟ ਗੁਨਜੋਤ ਪਟਿਆਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਥਾਪਰ ਯੂਨੀਵਰਸਿਟੀ ਵਿੱਚ ਕੰਮ ਕਰਦੇ ਹਨ, ਜਦੋਂ ਕਿ ਕੈਡੇਟ ਆਰੀਅਨ ਦੱਤ ਐਸ.ਏ.ਐਸ. ਨਗਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਉਸਦੇ ਪਿਤਾ ਭਾਰਤੀ ਜਲ ਸੈਨਾ ਵਿੱਚ ਕਮਾਂਡਰ ਵਜੋਂ ਸੇਵਾਮੁਕਤ ਹੋਏ ਹਨ।
ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ. ਚੌਹਾਨ, ਵੀ.ਐਸ.ਐਮ., ਨੇ ਕਿਹਾ ਕਿ ਜੂਨ 2025 ਵਿੱਚ ਸ਼ੁਰੂ ਹੋਣ ਵਾਲੇ ਐਨ.ਡੀ.ਏ.-154 ਕੋਰਸ ਲਈ ਇਸ ਸੰਸਥਾ ਦੇ ਸਭ ਤੋਂ ਵੱਧ ਕੈਡਿਟ ਸ਼ਾਮਲ ਹੋਏ ਹਨ। ਸੰਸਥਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਦੇ ਕੁੱਲ 255 ਕੈਡਿਟ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ ਅਤੇ ਸੰਸਥਾ ਦੇ 170 ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣੇ ਹਨ।
Published on: ਅਪ੍ਰੈਲ 12, 2025 5:05 ਬਾਃ ਦੁਃ