ਬੰਬ ਵਾਲੇ ਬਿਆਨ ਨਾਲ ਬਾਜਵਾ ਅਤੇ ਉਸ ਦੇ ਪਾਕਿਸਤਾਨੀ ਦੋਸਤ ਪੰਜਾਬ ਦੇ ਅਮਨ ਤੇ ਤਰੱਕੀ ਵਿੱਚ ਰੋੜਾ ਅਟਕਾਉਣਾ ਚਾਹੁੰਦੇ ਹਨ: ਮੁੱਖ ਮੰਤਰੀ

ਪੰਜਾਬ

ਚੰਡੀਗੜ੍ਹ, 13 ਅਪਰੈਲ: ਦੇਸ਼ ਕਲਿੱਕ ਬਿਓਰੋ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਸੂਬੇ ਵਿੱਚ 50 ਬੰਬ ਸਮਗਲ ਹੋਣ ਦੇ ਬਿਆਨ ਪਿੱਛੇ ਉਨ੍ਹਾਂ ਦੇ ਪਾਕਿਸਤਾਨ ਵਿੱਚ ਸਰਗਰਮ ਪੰਜਾਬ ਵਿਰੋਧੀ ਤਾਕਤਾਂ ਨਾਲ ਗੂੜ੍ਹੇ ਪਰਿਵਾਰਕ ਸਬੰਧ ਹਨ ਕਿਉਂਕਿ ਖ਼ੁਫ਼ੀਆ ਏਜੰਸੀਆਂ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਬਾਜਵਾ ਪਰਿਵਾਰ ਦੇ ਦਹਾਕਿਆਂ ਤੋਂ ਪਾਕਿਸਤਾਨੀ ਵਿੱਚ ਸਰਗਰਮ ਪੰਜਾਬ ਵਿਰੋਧੀ ਤਾਕਤਾਂ ਨਾਲ ਗੂੜ੍ਹੇ ਸਬੰਧ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਅਜਿਹੀਆਂ ਤਰਕਹੀਣ ਅਤੇ ਬੇਬੁਨਿਆਦ ਜਾਣਕਾਰੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਕਿ ਖ਼ੁਫ਼ੀਆ ਏਜੰਸੀਆਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ, ਸਰਹੱਦ ਪਾਰ ਬੈਠੇ ਬਾਜਵਾ ਦੇ ਦੋਸਤ ਨੇ ਉਨ੍ਹਾਂ ਨੂੰ ਸੂਬੇ ਵਿੱਚ ਸ਼ਾਂਤੀ ਭੰਗ ਕਰਨ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਜ਼ਰੂਰ ਦੱਸਿਆ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਾਂਗਰਸੀ ਆਗੂ ਨੂੰ ਆਪਣੇ ਦਾਅਵੇ ਨੂੰ ਸਾਬਤ ਕਰਨ ਜਾਂ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਬਦਲੇ ਕਾਰਵਾਈ ਦਾ ਸਾਹਮਣਾ ਕਰਨ ਲਈ ਕਿਹਾ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂ ਨੇ ਬੇਸ਼ਰਮੀ ਨਾਲ ਝੂਠਾ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ 50 ਬੰਬ ਸਮਗਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 18 ਫਟ ਚੁੱਕੇ ਹਨ ਅਤੇ 32 ਹੋਰ ਅਜੇ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਨਾ ਤਾਂ ਸੂਬਾਈ ਅਤੇ ਨਾ ਹੀ ਕੇਂਦਰੀ ਏਜੰਸੀਆਂ ਕੋਲ ਕੋਈ ਜਾਣਕਾਰੀ ਹੈ ਪਰ ਸ਼ਾਇਦ ਇਹ ਜਾਣਕਾਰੀ ਸਰਹੱਦ ਪਾਰ ਤੋਂ ਬਾਜਵਾ ਦੇ ਦੋਸਤ ਨੇ ਉਨ੍ਹਾਂ ਨੂੰ ਦਿੱਤੀ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਪਾਕਿਸਤਾਨ ਨਾਲ ਲੰਬੇ ਸਮੇਂ ਤੋਂ ਨਿੱਘੇ ਸਬੰਧ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਕਾਂਗਰਸੀ ਆਗੂ ਦਾ ਅਜਿਹਾ ਘਟੀਆ ਰਵੱਈਆ ਸਵੀਕਾਰਯੋਗ ਨਹੀਂ ਹੈ ਕਿਉਂਕਿ ਇਸ ਨੇ ਜਨਤਾ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਨੂੰ ਇਸ ਸਬੰਧ ਵਿੱਚ ਆਪਣੀ ਜਾਣਕਾਰੀ ਦੇ ਸਰੋਤ ਦਾ ਖੁਲਾਸਾ ਕਰਨਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਤਾਪ ਸਿੰਘ ਬਾਜਵਾ ਬੰਬਾਂ ਦੇ ਫਟਣ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਇਸ ਮੌਕੇ ਨੂੰ ਆਪਣੇ ਨਿੱਜੀ ਰਾਜਨੀਤਿਕ ਹਿੱਤਾਂ ਲਈ ਵਰਤ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਉਦਾਸੀਨ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਆ ਗੈਰ-ਵਾਜਬ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਬਾਜਵਾ ਆਪਣੇ ਦੋਸਤਾਂ ਕੋਲੋਂ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਦੇ ਨਾਪਾਕ ਮਨਸੂਬਿਆਂ ਬਾਰੇ ਮਿਲੀ ਜਾਣਕਾਰੀ ਪੰਜਾਬ ਪੁਲਿਸ ਨਾਲ ਸਾਂਝੀ ਕਰਨ ਜਾਂ ਫਿਰ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਝੂਠੇ ਦਾਅਵੇ ਕਰ ਕੇ ਲੋਕਾਂ ਨੂੰ ਡਰਾਉਣਾ ਇੱਕ ਗੈਰ-ਮੁਆਫ਼ੀਯੋਗ ਅਤੇ ਘਿਨਾਉਣਾ ਅਪਰਾਧ ਹੈ, ਜਿਸ ਲਈ ਗੰਭੀਰ ਕਾਰਵਾਈ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਾਂਗਰਸ ਹਾਈ ਕਮਾਂਡ ਨੂੰ ਕਿਹਾ ਕਿ ਫੁੱਟ-ਪਾਊ ਤਾਕਤਾਂ ਨਾਲ ਡੂੰਘੇ ਸਬੰਧ ਰੱਖਣ ਵਾਲੇ ਅਜਿਹੇ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

Published on: ਅਪ੍ਰੈਲ 13, 2025 10:36 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।