ਅੰਮ੍ਰਿਤਸਰ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ‘ਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਤਸਕਰ ਨੇ ਮੌਕਾ ਮਿਲਦਿਆਂ ਹੀ ਹੈਰੋਇਨ ਅਤੇ ਹਥਿਆਰ ਬਰਾਮਦ ਕਰਨ ਲਈ ਗਈ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ਵਿੱਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਤਸਕਰ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਦੋਸ਼ੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਐਤਵਾਰ ਸਵੇਰੇ ਅਜਨਾਲਾ ਸ਼ਹਿਰ ਦੀ ਹੈ।
ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਦੋ ਮੁਲਜ਼ਮਾਂ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਇਨ੍ਹਾਂ ਮੁਲਜ਼ਮਾਂ ਨੇ ਦੱਸਿਆ ਕਿ ਹੈਰੋਇਨ ਅਤੇ ਹਥਿਆਰ ਸਥਾਨਕ ਪਿੰਡ ਵਿੱਚ ਛੁਪਾਏ ਹੋਏ ਸਨ। ਇਸ ਤਹਿਤ ਟੀਮ ਅੱਜ ਐਤਵਾਰ ਸਵੇਰੇ ਮੁਲਜ਼ਮ ਪਲਵਿੰਦਰ ਸਿੰਘ ਨੂੰ ਨਾਲ ਲੈ ਕੇ ਰਿਕਵਰੀ ਲਈ ਗਈ। ਜਦੋਂ ਮੁਲਜ਼ਮ ਹੈਰੋਇਨ ਅਤੇ ਹਥਿਆਰ ਕੱਢ ਰਿਹਾ ਸੀ ਤਾਂ ਉਸ ਨੇ ਮੌਕਾ ਸੰਭਾਲਦਿਆਂ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਇੱਕ ਗੋਲੀ ਮੁਲਜ਼ਮ ਪਲਵਿੰਦਰ ਸਿੰਘ ਦੀ ਲੱਤ ਵਿੱਚ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਫਿਲਹਾਲ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਮੌਕੇ ਤੋਂ 523 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।

Published on: ਅਪ੍ਰੈਲ 13, 2025 12:05 ਬਾਃ ਦੁਃ