ਮਹੀਨੇ ‘ਚ ਰਜਿਸਟਰੇਸ਼ਨ ਨਾ ਕਰਵਾਈ ਤਾਂ ਹੋਵੇਗਾ ਜੁਰਮਾਨਾ ਤੇ ਜੇਲ੍ਹ
ਵਾਸ਼ਿੰਗਟਨ, 14 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਬਿਨਾਂ ਰਜਿਸਟ੍ਰੇਸ਼ਨ ਦੇ 30 ਦਿਨਾਂ ਤੋਂ ਵੱਧ ਸਮੇਂ ਤੱਕ ਅਮਰੀਕਾ ਵਿੱਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਜ਼ੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਸਮੇਤ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਡੀਐਚਐਸ) ਨੇ ਕਿਹਾ ਕਿ 30 ਦਿਨਾਂ ਤੋਂ ਵੱਧ ਸਮੇਂ ਲਈ ਅਮਰੀਕਾ ਵਿੱਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਸੰਘੀ ਸਰਕਾਰ ਕੋਲ ਰਜਿਸਟਰ ਹੋਣਾ ਚਾਹੀਦਾ ਹੈ। ਇਸ ਦੀ ਪਾਲਣਾ ਨਾ ਕਰਨਾ ਜੁਰਮਾਨਾ ਅਤੇ ਕੈਦ ਤਹਿਤ ਸਜ਼ਾਯੋਗ ਅਪਰਾਧ ਹੈ।ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਨੇ ਐਕਸ ‘ਤੇ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਸਕੱਤਰ ਨੋਏਮ ਦਾ ਗੈਰ-ਕਾਨੂੰਨੀ ਵਿਦੇਸ਼ੀ ਲੋਕਾਂ ਨੂੰ ਸਪੱਸ਼ਟ ਸੰਦੇਸ਼ ਹੈ। ਚਲੇ ਜਾਓ ਨਹੀਂ ਤਾਂ ਜੇਲ੍ਹ ਜਾਓਗੇ। ਵਿਭਾਗ ਨੇ ਕਿਹਾ ਕਿ ਗੈਰ-ਕਾਨੂੰਨੀ ਵਿਦੇਸ਼ੀ ਆਪਣੇ ਆਪ ਇੱਥੋਂ ਚਲੇ ਜਾਣ। ਅਮਰੀਕੀ ਸਰਕਾਰ ਦਾ ਇਹ ਹੁਕਮ ਕਾਨੂੰਨੀ ਵੀਜ਼ਾ ਧਾਰਕਾਂ ਨੂੰ ਤੁਰੰਤ ਪ੍ਰਭਾਵਿਤ ਨਹੀਂ ਕਰੇਗਾ – ਜਿਵੇਂ ਕਿ ਐਚ-1ਬੀ ਵਰਕ ਪਰਮਿਟ ਜਾਂ ਵਿਦਿਆਰਥੀ ਵੀਜ਼ਾ ਵਾਲੇ। H-1B ਵੀਜ਼ਾ ਧਾਰਕ ਜੋ ਆਪਣੀ ਨੌਕਰੀ ਗੁਆ ਦਿੰਦੇ ਹਨ ਪਰ ਆਪਣੀ ਰਿਆਇਤ ਮਿਆਦ ਦੇ ਬਾਅਦ ਦੇਸ਼ ਵਿੱਚ ਰਹਿੰਦੇ ਹਨ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਨਿਰਦੇਸ਼ ਉਨ੍ਹਾਂ ਲੋਕਾਂ ਲਈ ਸਖ਼ਤ ਜੁਰਮਾਨੇ ਦੀ ਰੂਪਰੇਖਾ ਦਿੰਦੇ ਹਨ ਜੋ 30 ਦਿਨ ਜਾਂ ਵੱਧ ਠਹਿਰਨ ਤੋਂ ਬਾਅਦ ਸਰਕਾਰ ਕੋਲ ਖੁਦ ਨੂੰ ਰਜਿਸਟਰ ਕਰਨ ਵਿੱਚ ਅਸਫਲ ਰਹਿੰਦੇ ਹਨ। ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿਣ ਵਾਲਿਆਂ ਨੂੰ 998 ਡਾਲਰ ਪ੍ਰਤੀ ਦਿਨ ਦਾ ਜੁਰਮਾਨਾ ਭਰਨਾ ਪਵੇਗਾ। ਸਰਕਾਰ ਅਜਿਹੇ ਲੋਕਾਂ ‘ਤੇ ਪੰਜ ਹਜ਼ਾਰ ਡਾਲਰ ਦਾ ਜੁਰਮਾਨਾ ਵੀ ਲਗਾ ਸਕਦੀ ਹੈ। ਸਰਕਾਰ ਨੇ ਕਿਹਾ ਹੈ ਕਿ ਜਿਹੜੇ ਲੋਕ ਯਾਤਰਾ ਕਰਨ ਵਿੱਚ ਅਸਮਰੱਥ ਹਨ ਉਹ ਸਬਸਿਡੀ ਵਾਲੀਆਂ ਘਰ ਵਾਪਸੀ ਦੀਆਂ ਉਡਾਣਾਂ ਲਈ ਯੋਗ ਹੋ ਸਕਦੇ ਹਨ।
Published on: ਅਪ੍ਰੈਲ 14, 2025 10:30 ਪੂਃ ਦੁਃ