ਜਲੰਧਰ, 14 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਜਲੰਧਰ ਦਿਹਾਤੀ ਦੇ ਕਸਬਾ ਨਕੋਦਰ ਦੇ ਪਿੰਡ ਕੰਗ ਸਾਹਬੂ ਵਿਖੇ ਖੇਤਾਂ ਦੀ ਸਿੰਚਾਈ ਕਰਨ ਗਏ 48 ਸਾਲਾ ਵਿਅਕਤੀ ਨੂੰ ਆਵਾਰਾ ਕੁੱਤਿਆਂ ਨੇ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਜਗਤਾਰ ਰਾਮ ਵਾਸੀ ਹਮੀਰੀ ਖੇੜਾ ਵਜੋਂ ਹੋਈ ਹੈ।
ਡੀਐਸਪੀ ਨਕੋਦਰ ਸੁਖਪਾਲ ਸਿੰਘ ਅਤੇ ਜਾਂਚ ਅਧਿਕਾਰੀ ਜਨਕ ਰਾਜ ਨੇ ਦੱਸਿਆ ਕਿ ਜਗਤਾਰ ਰਾਮ ਬੀਤੇ ਦਿਨੀ ਪਿੰਡ ਕੰਗ ਸਾਹਬੂ ਵਿੱਚ ਮੱਕੀ ਦੀ ਫ਼ਸਲ ਨੂੰ ਪਾਣੀ ਦੇ ਰਿਹਾ ਸੀ। ਉਦੋਂ ਹੀ ਨੇੜਲੇ ਪਿੰਡ ਦੀ ਹੱਡਾ ਰੋਡੀ ਤੋਂ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਜਗਤਾਰ ਦੀ ਮੌਤ ਦਾ ਪਤਾ ਇੱਕ ਦਿਨ ਬਾਅਦ ਲੱਗਾ।
ਮ੍ਰਿਤਕ ਦੀ ਪਤਨੀ ਸੋਨੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਤੀ ਜਗਤਾਰ ਰਾਮ ਪਿੰਡ ਮੀਰਾਪੁਰ ਦੇ ਇੱਕ ਕਿਸਾਨ ਕੋਲ ਚਾਰ ਸਾਲਾਂ ਤੋਂ ਕੰਮ ਕਰਦਾ ਸੀ ਅਤੇ ਉਸ ਦੀ ਖੇਤੀ ਦਾ ਕੰਮ ਦੇਖਦਾ ਸੀ। ਕਿਸਾਨ ਉਸ ਦੇ ਪਤੀ ਨੂੰ ਪਿੰਡ ਕੰਗ ਸਾਹਬੂ ਵਿੱਚ ਠੇਕੇ ਦੀ ਜ਼ਮੀਨ ’ਤੇ ਬੀਜੀ ਮੱਕੀ ਦੀ ਫ਼ਸਲ ਦੀ ਸਿੰਚਾਈ ਕਰਨ ਲਈ ਲੈ ਗਿਆ ਸੀ। ਸੋਨੀ ਨੇ ਦੱਸਿਆ ਕਿ ਨਜ਼ਦੀਕੀ ਹੱਡਾ ਰੋੜੀ ਤੋਂ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਨ੍ਹਾਂ ‘ਤੇ ਹਮਲਾ ਕਰ ਕੇ ਮਾਰ ਦਿੱਤਾ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published on: ਅਪ੍ਰੈਲ 14, 2025 1:09 ਬਾਃ ਦੁਃ