ਅੰਮ੍ਰਿਤਸਰ, 14 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਦੇ ਮਜੀਠਾ ਕਸਬੇ ਦੇ ਪਿੰਡ ਕਲੇਰ ਮਾਂਗਟ ਦੇ ਇਕ ਪੈਟਰੋਲ ਪੰਪ ‘ਤੇ ਬੀਤੀ ਦੇਰ ਰਾਤ ਕੁਝ ਬਦਮਾਸ਼ ਆਏ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਪੰਪ ‘ਤੇ ਕੰਮ ਕਰਦੇ ਮੁਲਾਜ਼ਮ ਗੌਤਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਥਾਣਾ ਮਜੀਠਾ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ।
ਪੈਟਰੋਲ ਪੰਪ ਦੇ ਮਾਲਕ ਤਜਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਦੇਰ ਰਾਤ ਬਾਈਕ ‘ਤੇ ਸਵਾਰ ਕੁਝ ਬਦਮਾਸ਼ ਪੈਟਰੋਲ ਭਰਵਾਉਣ ਆਏ ਸਨ। ਉਸ ਸਮੇਂ ਪੰਪ ਬੰਦ ਸੀ। ਅਜਿਹੇ ‘ਚ ਮੁਲਾਜ਼ਮਾਂ ਨੇ ਤੇਲ ਭਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ ‘ਚ ਆ ਕੇ ਮੁਲਜ਼ਮ ਨੌਜਵਾਨਾਂ ਨੇ ਪਹਿਲਾਂ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। ਮੁਲਾਜ਼ਮਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇੱਕ ਗੋਲੀ ਪੰਪ ਦੇ ਮੁਲਾਜ਼ਮ ਗੌਤਮ ਵਾਸੀ ਉੱਤਰ ਪ੍ਰਦੇਸ਼ ਦੀ ਛਾਤੀ ਵਿੱਚ ਲੱਗੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
Published on: ਅਪ੍ਰੈਲ 14, 2025 12:22 ਬਾਃ ਦੁਃ