ਚੰਡੀਗੜ੍ਹ, 14 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਅੰਬਾਲਾ ਕੈਂਟ ‘ਚ ਮੈਰਿਜ ਪੈਲੇਸ ‘ਚ 3.8 ਫੁੱਟ ਲੰਬੇ ਲੜਕੇ ਨੇ 3.6 ਫੁੱਟ ਲੰਬੀ ਲੜਕੀ ਨਾਲ ਵਿਆਹ ਕਰਵਾਇਆ। ਵਿਆਹ 6 ਅਪ੍ਰੈਲ ਨੂੰ ਹੋਇਆ ਸੀ, ਜਿਸ ਦੀ ਰਿਸੈਪਸ਼ਨ 13 ਅਪ੍ਰੈਲ ਨੂੰ ਰੱਖੀ ਗਈ ਸੀ।ਇਸ ਦੌਰਾਨ ਲਾੜਾ ਅਤੇ ਲਾੜੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਵਿਆਹ ਦਾ ਜਸ਼ਨ ਮਨਾਇਆ ਅਤੇ ਫਿਲਮੀ ਗੀਤਾਂ ‘ਤੇ ਡਾਂਸ ਕੀਤਾ।
ਲਾੜਾ-ਲਾੜੀ ਦੇ ਕੱਦ ਤੋਂ ਇਲਾਵਾ ਇਸ ਵਿਆਹ ਦੀ ਚਰਚਾ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਲਾੜੇ ਨੇ ਬਿਨਾਂ ਦਾਜ ਲਏ ਵਿਆਹ ਕਰਵਾਇਆ। ਹੁਣ ਉਨ੍ਹਾਂ ਦੇ ਰਿਸੈਪਸ਼ਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵੇਂ ਪਤੀ-ਪਤਨੀ ਇੱਕ ਦੂਜੇ ਦੀਆਂ ਬਾਹਾਂ ‘ਚ ਬਾਹਾਂ ਪਾ ਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਪਰਿਵਾਰਕ ਮੈਂਬਰਾਂ ਮੁਤਾਬਕ ਲਾੜੇ ਦਾ ਨਾਂ ਨਿਤਿਨ ਵਰਮਾ ਹੈ। 25 ਸਾਲਾ ਨਿਤਿਨ ਮਤੀਦਾਸ ਨਗਰ ਅੰਬਾਲਾ ਕੈਂਟ ਦਾ ਰਹਿਣ ਵਾਲਾ ਹੈ। ਉਸਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਪੇਸ਼ੇ ਤੋਂ ਸੇਲਜ਼ ਦਾ ਕੰਮ ਕਰਦਾ ਹੈ। ਉਥੇ ਹੀ ਦੁਲਹਨ ਦਾ ਨਾਂ ਆਰੂਸ਼ੀ ਸ਼ਰਮਾ ਹੈ। ਉਹ 23 ਸਾਲ ਦੀ ਹੈ ਅਤੇ ਰੋਪੜ, ਪੰਜਾਬ ਦੀ ਰਹਿਣ ਵਾਲੀ ਹੈ। ਉਸ ਨੇ ਬੀਏ ਤੱਕ ਪੜ੍ਹਾਈ ਕੀਤੀ ਹੈ।
ਕਰੀਬ 2 ਹਫਤੇ ਪਹਿਲਾਂ ਨਿਤਿਨ ਦੇ ਇਕ ਰਿਸ਼ਤੇਦਾਰ ਨੇ ਆਰੂਸ਼ੀ ਨੂੰ ਕਿਸੇ ਪ੍ਰੋਗਰਾਮ ‘ਚ ਦੇਖਿਆ ਸੀ। ਇਸ ਤੋਂ ਬਾਅਦ ਉਸ ਨੇ ਆਰੂਸ਼ੀ ਦੇ ਪਰਿਵਾਰ ਦੀ ਜਾਣਕਾਰੀ ਹਾਸਲ ਕੀਤੀ ਅਤੇ ਵਿਆਹ ਦੀ ਗੱਲ ਨੂੰ ਅੱਗੇ ਵਧਾਇਆ।
Published on: ਅਪ੍ਰੈਲ 14, 2025 2:06 ਬਾਃ ਦੁਃ