ਚੰਡੀਗੜ੍ਹ, 14 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਲਾਏ ਦੋਸ਼ਾਂ ਸੰਬੰਧੀ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਨਕਾਰਿਆ ਅਤੇ ਕਿਹਾ ਕਿ ਇਹ ਲੋਕ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਤੋਂ ਬੌਖਾਲਏ ਹੋਏ ਹਨ। ਆਮ ਆਦਮੀ ਪਾਰਟੀ ਦੇ ਆਗੂ ਪਹਿਲਾਂ ਵੀ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਹਨ, ਇਹ ਕੋਈ ਨਵੀਂ ਗੱਲ ਨਹੀਂ ਹੈ। ਜਦੋਂ ਉਨ੍ਹਾਂ ਤੋਂ ਸਬੂਤ ਮੰਗਿਆ ਜਾਂਦਾ ਹੈ, ਤਾਂ ਇਹ ਲੋਕ ਮੁੰਹ ਲੁਕਾਉਣਾ ਸ਼ੁਰੂ ਕਰ ਦਿੰਦੇ ਹਨ।
ਗਰੇਵਾਲ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਦੇ ਵਿਕਾਸ ਲਈ ਕੁਝ ਕੀਤਾ ਹੁੰਦਾ ਤਾਂ ਦਿੱਲੀ ਦੇ ਲੋਕ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਨਾ ਦਿਖਾਉਂਦੇ। ਆਪਣੇ ਰਾਜ ਦੌਰਾਨ, ਦਿੱਲੀ ਦੀ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਲੋਕਾਂ ਨਾਲ ਸਿਰਫ਼ ਝੂਠ ਬੋਲਿਆ ਅਤੇ ਸਿੱਖਿਆ ਨੀਤੀ ਸਮੇਤ ਇਸਦੀਆਂ ਹੋਰ ਨੀਤੀਆਂ ਸਿਰਫ਼ ਦਿਖਾਵਾ ਸਨ, ਜਿਸਨੂੰ ਦਿੱਲੀ ਦੇ ਲੋਕਾਂ ਨੇ ਸਮਝ ਲਿਆ ਅਤੇ ਇਹਨਾਂ ਨੂੰ ਸੱਤਾ ਤੋਂ ਦੂਰ ਕਰਕੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ਹਿੱਤ ਵਿੱਚ ਲਏ ਗਏ ਨਿਰਣਾਇਕ ਫੈਸਲਿਆਂ ਅਤੇ ਜ਼ਮੀਨੀ ਪੱਧਰ ‘ਤੇ ਲਾਗੂ ਕੀਤੀਆਂ ਗਈਆਂ ਠੋਸ ਨੀਤੀਆਂ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰਦਿਆਂ ਦਿੱਲੀ ਦੀ ਸੱਤਾ ਭਾਰਤੀ ਜਨਤਾ ਪਾਰਟੀ ਨੂੰ ਸੌਂਪ ਦਿੱਤੀ ਹੈ। ਹੁਣ ਦਿੱਲੀ ਦੇ ਲੋਕ ਪਹਿਲੇ ਦਿਨ ਤੋਂ ਹੀ ਭਾਜਪਾ ਦੀ ਰੇਖਾ ਗੁਪਤਾ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਲੱਗ ਪਏ ਹਨ ਅਤੇ ਇਹ ਯਾਤਰਾ ਭਵਿੱਖ ਵਿੱਚ ਵੀ ਜਾਰੀ ਰਹੇਗੀ।
Published on: ਅਪ੍ਰੈਲ 14, 2025 5:44 ਬਾਃ ਦੁਃ