ਚੰਡੀਗੜ੍ਹ, 14 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਨੇ ਗੁਰਦਾਸਪੁਰ ਤੇ ਮੁਹਾਲੀ ਦੇ ਡੇਰਾਬੱਸੀ ਸਰਕਾਰੀ ਹਸਪਤਾਲਾਂ ਵਿੱਚ ਹਿੰਸਾ ਅਤੇ ਡਾਕਟਰਾਂ ਦੀ ਸੁਰੱਖਿਆ ਦੀਆਂ ਤਾਜ਼ਾ ਘਟਨਾਵਾਂ ਨੂੰ ਲੈ ਕੇ ਕਾਰਵਾਈ ਕੀਤੀ ਹੈ। ਅੱਜ ਪੁਲੀਸ ਟੀਮਾਂ ਨੇ ਮੁਹਾਲੀ ਸਮੇਤ ਕਈ ਜ਼ਿਲ੍ਹਿਆਂ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੀ ਚੈਕਿੰਗ ਕੀਤੀ।
ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਪੁਲੀਸ ਨੇ ਕੈਮਰਿਆਂ ਸਮੇਤ ਸਾਰੇ ਪ੍ਰਬੰਧਾਂ ਦੀ ਜਾਂਚ ਕੀਤੀ। ਉਨ੍ਹਾਂ ਉਥੇ ਤਾਇਨਾਤ ਸਟਾਫ਼ ਨੂੰ ਵੀ ਭਰੋਸਾ ਦਿੱਤਾ ਕਿ ਪੁਲਿਸ ਤੁਹਾਡੀ ਸੁਰੱਖਿਆ ਲਈ ਹਾਜ਼ਰ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਹਸਪਤਾਲਾਂ ਦੀ ਸੁਰੱਖਿਆ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਇਹ ਚੈਕਿੰਗ ਡੀਐਸਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿੱਚ ਕੀਤੀ ਗਈ। ਇਸ ਦੌਰਾਨ ਪੁਲੀਸ ਦੀ ਟੀਮ ਮੁਹਾਲੀ ਦੇ ਹਸਪਤਾਲਾਂ ਵਿੱਚ ਪੁੱਜੀ। ਇਸ ਦੇ ਨਾਲ ਹੀ ਉਥੇ ਮੌਜੂਦ ਸੁਰੱਖਿਆ ਅਮਲੇ, ਡਾਕਟਰਾਂ ਅਤੇ ਹੋਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ‘ਤੇ ਤੁਰੰਤ ਪੁਲਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਖੁਦ ਵੀ ਇਸ ‘ਤੇ ਨਜ਼ਰ ਰੱਖੇਗੀ।
ਸਰਕਾਰੀ ਹਸਪਤਾਲਾਂ ਦੇ ਬਾਹਰ ਪੀਸੀਆਰ ਵੀ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਹਸਪਤਾਲਾਂ ਦੇ ਚੱਕਰ ਲਗਾਏ ਜਾਣਗੇ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਡੀਜੀਪੀ ਪੰਜਾਬ ਨਾਲ ਮੁਲਾਕਾਤ ਕੀਤੀ ਸੀ। ਨਾਲ ਹੀ ਹਸਪਤਾਲਾਂ ਦੀ ਸੁਰੱਖਿਆ ਦਾ ਮੁੱਦਾ ਵੀ ਉਠਾਇਆ। ਇਸ ਤੋਂ ਪਹਿਲਾਂ ਸਾਰੇ ਹਸਪਤਾਲਾਂ ਦਾ ਸੁਰੱਖਿਆ ਆਡਿਟ ਕੀਤਾ ਗਿਆ ਸੀ। ਨਾਲ ਹੀ ਇਸ ਦੌਰਾਨ ਸਾਹਮਣੇ ਆਈਆਂ ਕਮੀਆਂ ਨੂੰ ਦੂਰ ਕਰਨ ਦੀ ਰਣਨੀਤੀ ਬਣਾਈ ਗਈ।
Published on: ਅਪ੍ਰੈਲ 14, 2025 5:08 ਬਾਃ ਦੁਃ